ਨਵੀਂ ਦਿੱਲੀ (ਸਮਾਜ ਵੀਕਲੀ) :ਕਰੋਨਾਵਾਇਰਸ ਪੀੜਤ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (84) ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਊਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਆਰਮੀ ਰਿਸਰਚ ਐਂਡ ਰੈਫਰਲ (ਆਰ ਐਂਡ ਆਰ) ਹਸਪਤਾਲ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ, ‘‘ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ 10 ਅਗਸਤ, 2020 ਨੂੰ ਦੁਪਹਿਰ ਵੇਲੇ ਦਿੱਲੀ ਛਾਊਣੀ ਸਥਿਤ ਫੌਜੀ ਹਸਪਤਾਲ (ਆਰ ਐਂਡ ਆਰ) ਵਿੱਚ ਗੰਭੀਰ ਹਾਲਤ ਵਿੱਚ ਭਰਤੀ ਕਰਵਾਇਆ ਗਿਆ ਸੀ।
ਹਸਪਤਾਲ ਵਿੱਚ ਕੀਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਊਨ੍ਹਾਂ ਦੇ ਸਿਰ ਵਿੱਚ ਗੰਢ ਹੈ, ਜਿਸ ਕਾਰਨ ਹੰਗਾਮੀ ਹਾਲਤ ਵਿੱਚ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ ਊਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਊਹ ਵੈਂਟੀਲੇਟਰ ’ਤੇ ਹਨ।’’ ਕਈ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸਾਬਕਾ ਰਾਸ਼ਟਰਪਤੀ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮੁਖਰਜੀ ਨੇ ਸੋਮਵਾਰ ਨੂੰ ਟਵੀਟ ਕਰਕੇ ਦੱਸਿਆ ਸੀ ਕਿ ਊਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਅਤੇ ਊਨ੍ਹਾਂ ਨੇ ਪਿਛਲੇ ਹਫ਼ਤੇ ਦੌਰਾਨ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਏਕਾਂਤਵਾਸ ਹੋਣ ਅਤੇ ਟੈਸਟ ਕਰਵਾਊਣ ਲਈ ਆਖਿਆ ਸੀ।