- ਅਧਿਕਾਰੀਆਂ ਨੂੰ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਦੇ ਹੁਕਮ
- ਸੂਰਜੀ ਊਰਜਾ ਨਾਲ ਜਗਣਗੀਆਂ ਸ਼ਹਿਰ ਨੂੰ ਆਉਂਦੀਆਂ 4 ਮੁੱਖ ਸੜਕਾਂ-1200 ਐਲ.ਈ.ਡੀ ਲਾਇਟਾਂ ਦਾ ਸਰਵੇ ਮੁਕੰਮਲ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ):– ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨ ਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸ਼ੁਰੂ ਕੀਤੇ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਪਹਿਲਾਂ ਅੱਜ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ.ਡੀ.ਐਮ. ਡਾ. ਚਾਰੂਮਿਤਾ ਤੇ ਹੋਰਨਾਂ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਇਤਿਹਾਸਕ ਤਰੀਕੇ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿਛਲੇ ਸਾਲ ਸ਼ੁਰੂ ਕੀਤੇ ਵਿਕਾਸ ਕੰਮਾਂ ਜਿਸ ਵਿਚ ਲੱਖਵਰਿਆਂ ਵਾਲਾ ਪੁਲ, 3 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣਾ, ਸਮਾਰਟ ਸਿਟੀ ਤਹਿਤ ਆਉਂਦੇ ਪ੍ਰਾਜੈਕਟਾਂ ਸਬੰਧੀ ਕਾਰਵਾਈ ਜੰਗੀ ਪੱਧਰ ’ਤੇ ਮੁਕੰਮਲ ਕਰਨ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੱਖਵਰਿਆਂ ਵਾਲਾ ਪੁਲ 15 ਨਵੰਬਰ 2020 ਤੱਕ ਮੁਕੰਮਲ ਕਰਕੇ ਗੁਰਪੁੁਰਬ ਤੋਂ ਪਹਿਲਾਂ ਆਵਾਜਾਈ ਲਈ ਚਾਲੂ ਕਰ ਦਿੱਤਾ ਜਾਵੇਗਾ। ਇਹ ਪੁਲ 180 ਮੀਟਰ ਲੰਬਾ ਹੈ ਅਤੇ ਇਸ ਉੱਪਰ 9.83 ਕਰੋੜ ਰੁਪੈ ਦੀ ਲਾਗਤ ਆਈ ਹੈ।
ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਡਰੇਨ ਦੀ ਸਫਾਈ ਦਾ ਕੰਮ ਤੁਰੰਤ ਸ਼ੁਰੂ ਕਰਵਾਉਣ। ਇਸ ਤੋਂ ਇਲਾਵਾ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਲੋਹੀਆਂ, ਸੁਲਤਾਨਪੁਰ ਤੋਂ ਡਡਵਿੰਡੀ, ਸੁਲਤਾਨਪੁਰ ਤੋਂ ਤਲਵੰਡੀ ਚੌਧਰੀਆਂ ਰੋਡ ਤੇ ਸੁਲਤਾਨਪੁਰ ਤੋਂ ਬੂਸੋਵਾਲ ਰੋਡ ਉੇਪਰ ਸੂਰਜੀ ਊਰਜਾ ਨਾਲ ਜਗਣ ਵਾਲੀਆਂ ਲਾਇਟਾਂ ਬਾਰੇ ਸਰਵੇ ਮੁਕੰਮਲ ਕਰ ਲਿਆ ਗਿਆ ਹੈ, ਜਿਸ ਤਹਿਤ ਇਨ੍ਹਾਂ ਸੜਕਾਂ ਉੱਪਰ 1200 ਦੇ ਕਰੀਬ ਲਾਇਟਾਂ ਲੱਗਣਗੀਆਂ।
ਉਨ੍ਹਾਂ ਬਹੁਮੰਤਵੀ ਸਟੇਡੀਅਮ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸਦੇ ਨਕਸ਼ੇ ਦੀ ਡਰਾਇੰਗ ਨੂੰ ਜਲਦ ਮਨਜੂਰੀ ਦੇਣ ਤਾਂ ਜੋ ਇਸਦਾ ਕੰਮ ਜਲਦ ਸ਼ੁਰੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਗੁਰਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਸਥਾਨਾਂ ਦੀ ਚੋਣ ਕਰਨ ਵਾਸਤੇ ਬੂਸੋਵਾਲ ਵਿਖੇ ਹੈਲੀਪੈਡ ਤੋਂ ਇਲਾਵਾ ਲਾਇਟ ਐਂਡ ਸਾਊਂਡ ਸ਼ੋਅ ਲਈ ਪਵਿੱਤਰ ਵੇਈਂ ਉੱਪਰ ਫਲੋਟਿੰਗ ਲਾਇਟ ਐਂਡ ਸਾਉਂਡ ਵਾਸਤੇ ਸਥਾਨ ਦੀ ਚੋਣ ਲਈ ਪਲਟੂਨ ਬਿ੍ਰਜਾਂ ਦਾ ਵੀ ਦੌਰਾ ਕੀਤਾ।
ਂਸ਼ਹਿਰ ਵਿਚ ਬਣੇ ਅੰਡਰ ਬਿ੍ਰਜ ਵਿਖੇ ਗਰਿੱਲਾਂ ਟੁੱਟਣ ਕਾਰਨ ਆਵਾਜਾਈ ਵਿਚ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਅੰਡਰ ਬਿ੍ਰਜ ਦਾ ਦੌਰਾ ਕੀਤਾ ਤੇ ਗਰਿੱਲਾਂ ਦੀ ਮੁਰੰਮਤ ਤੁਰੰਤ ਕਰਨ ਦੇ ਹੁਕਮ ਦਿੱਤੇ।
ਡਿਪਟੀ ਕਮਿਸ਼ਨਰ ਨੇ ਪਵਿੱਤਰ ਵੇਈਂ ਦੇ ਕਿਨਾਰੇ ‘ਫੂਡ ਕੋਰਟ’ ਦੀ ਸਥਾਪਨਾ ਲਈ ਬੱਸ ਸਟੈਂਡ ਦੇ ਸਾਹਮਣੇ ਬਣਾਏ ਗਏ ਮਿਊਜ਼ੀਕਲ ਫਾਊਂਟੇਨ ਦਾ ਵੀ ਜਾਇਜ਼ਾ ਲਿਆ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਕਾਰਵਾਈ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਪ੍ਰਸਤਾਵਿਤ ਫੂਡ ਕੋਰਟ ਨੂੰ ਪਹੁੰਚ ਰੋਡ ਵੀ ਬਣਾਉਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਡੀ.ਐਸ.ਪੀ. ਸਰਵਣ ਸਿੰਘ ਬੱਲ, ਐਕਸੀਅਨ ਸਰਵਰਾਜ, ਬੀ.ਡੀ.ਪੀ.ਓ. ਗੁਰਪ੍ਰਤਾਪ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਿਲਬਾਗ ਸਿੰਘ, ਐਸ.ਡੀ.ਓ. ਬਲਬੀਰ ਸਿੰਘ ਅੰਜਲੀ ਪਸਰੀਚਾ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ, ਡਰੇਨਜ਼, ਪਾਵਰਕੌਮ, ਜੰਗਲਾਤ ਤੇ ਪੇਡਾ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ- ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਬਾਰੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੀ ਦਿਖਾਈ ਦੇ ਰਹੇ ਹਨ।