(ਸਮਾਜ ਵੀਕਲੀ)
ਪੈਰਾ ਮਿਲਟਰੀ ਫੋਰਸਾਂ ਦੇ ਜਵਾਨ ਚੰਗਾ ਖਾਣਾ ਨਾ ਮਿਲਣ, ਛੁੱਟੀਆਂ ਨਾ ਮਿਲਣ ਜਿਹੀਆਂ ਸ਼ਿਕਾਇਤਾਂ ਅਕਸਰ ਸੋਸ਼ਲ ਮੀਡੀਆ *ਤੇ ਅਕਸਰ ਜ਼ਾਹਿਰ ਕਰਦੇ ਰਹਿੰਦੇ ਹਨ।ਝਾਰਖੰਡ ਦੇ ਸਰਾਏਕੇਲਾ ਇਲਾਕੇ *ਚ ਇਕ ਜਵਾਨ ਨੇ ਆਪਣੇ ਸਹਾਇਕ ਕਮਾਡੈਂਟ ਸਮੇਤ 6 ਜਵਾਨਾਂ ਨੂੰ ਜਾਨੋਂ ਮਾਰ ਦਿੱਤਾ ਸੀ। ਉਕਤ ਜਵਾਨ ਮਾਨਸਕ ਅਵਸਾਦ ਤੋਂ ਗ੍ਰਸਤ ਸੀ। ਕੁਝ ਕੁ ਦਿਨ ਪਹਿਲਾਂ ਛੜੀਸਗੜ੍ਹ ਦੇ ਨਰਾਇਣਪੁਰ ਜਿਲ੍ਹੇ *ਚ ਭਾਰਤ ਤਿੱਬਤ ਬਾਡਰ ਪੁਲਿਸ ਫੋਰਸ ਦੇ ਇਕ ਜਵਾਨ ਨੇ ਆਪਣੇ 6 ਸਾਥੀ ਜਵਾਨਾਂ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ।
ਚਾਰ ਕੁ ਦਿਨ ਪਹਿਲਾਂ ਝਾਰਖੰਡ ਦੇ ਕੇਂਦਰੀ ਰਿਜ਼ਰਵ ਪfੁਲਸ ਫੋਰਸ ਦੇ ਜਵਾਨਾਂ ਵਿਚਕਾਰ ਆਪਸੀ ਲੜਾਈ ਦੌਰਾਨ ਗੋਲੀਆਂ ਚੱਲਣ ਨਾਲ ਦੋ ਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਦੇ ਕਾਰਨ ਜੋ ਵੀ ਰਹੇ ਹੋਣ, ਪਰ ਐਨਾ ਤੈਅ ਹੈ ਕਿ ਸਾਡੀਆਂ ਪੈਰਾ ਮਿਲਟਰੀ ਫੋਰਸਾਂ ਦੇ ਅੰਦਰੂਨੀ ਹਲਾਤ ਚੰਗੇ ਨਹੀਂ ਹਨ। ਇਹ ਘਟਨਾਵਾਂ ਦੱਸ ਰਹੀਆਂ ਹਨ ਕਿ ਪੈਰਾਮਿਲਟਰੀ ਫੋਰਸਾਂ ਦੇ ਜਿਆਦਾਤਰ ਜਵਾਨ ਅਵਸਾਦਗ੍ਰਸਤ ਅਤੇ ਮਾਨਸਕ ਦਬਾਅ *ਚ ਹਨ। ਇਸੇ ਲਈ ਕਿਤੇ ਨਾ ਕਿਤੇ ਉਨ੍ਹਾਂ ਦੇ ਅੰਦਰ ਅਸੰਤੁਸ਼ਟੀ ਪਣਪ ਰਹੀ ਹੈ। ਇਸ ਅਸੰਤੁਸ਼ਟੀ ਦਾ ਕਾਰਣ ਪਰਿਵਾਰਕ ਹੋਵੇ ਜਾਂ ਉਨ੍ਹਾਂ ਦਾ ਮਹਿਕਮਾ, ਪਰ ਗੌਰ ਕਰੀਏ ਤਾਂ ਸਾਥੀ ਜਵਾਨਾਂ *ਤੇ ਹਮਲੇ ਅਤੇ ਉਨ੍ਹਾਂ ਦੀਆਂ ਮੌਤਾਂ ਕੋਈ ਨਵੀਂ ਗੱਲ ਨਹੀਂ ਹੈ।
ਕੁਝ ਸਾਲ ਪਹਿਲਾਂ ਔਰੰਗਾਬਾਦ ਵਿਖੇ ਕੇਂਦਰੀ ਉਦਯੌਗਿਕ ਸੁਰੱਖਿਆ ਬਲ (ਸੀਆਈਐਸਐਫ ) ਦੇ ਇਕ ਜਵਾਨ ਨੇ ਆਪਣੇ ਚਾਰ ਸਾਥੀਆਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ। ਗੋਲੀਆਂ ਚਲਾਉਣ ਵਾਲਾ ਜਵਾਨ ਵੀ ਮਾਨਸਕ ਦਬਾਅ ਦਾ ਸ਼ਿਕਾਰ ਸੀ।
ਆਮਤੌਰ *ਤੇ ਸਰਹੱਦਾਂ *ਤੇ ਜਾਂ ਜ਼ੋਖਮ ਭਰੇ ਇਲਾਕਿਆਂ *ਚ ਡਿਊਟੀ ਕਰਨ ਵਾਲੇ ਜਵਾਨਾਂ *ਚ ਆਤਮਹੱਤਿਆ ਦੀ ਪ੍ਰਵਿਰਤੀ ਜਿਆਦਾ ਦੇਖਣ ਨੂੰ ਮਿਲਦੀ ਹੈ।ਅਕਸਰ ਇਨ੍ਹਾਂ ਇਲਾਕਿਆਂ *ਚ ਤਾਇਨਾਤ ਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਆਂਕੜਿਆਂ *ਤੇ ਗੌਰ ਕਰੀਏ ਤਾਂ ਭਾਰਤ—ਪਾਕਿਸਤਾਨ ਸਰਹੱਦ *ਤੇ ਗੋਲੀਬਾਰੀ ਅਤੇ ਅੱਤਵਾਦੀ ਗਤੀਵਿਧੀਆਂ ਦੇ ਕਾਰਨ ਪਿਛਲੇ ਤਿੰਨ—ਚਾਰ ਸਾਲਾਂ *ਚ ਪੈਰਾਮਿਲਟਰੀ ਫੋਰਸਾਂ ਦੇ ਤਕਰੀਬਨ 400 ਜਵਾਨਾਂ ਨੇ ਆਪਣੀ ਜਾਨ ਗੁਵਾਈ ਹੈ। ਇਨ੍ਹਾਂ *ਚ ਸਭ ਤੋਂ ਜਿਆਦਾ ਬਾਡਰ ਸਕਿਊਰਟੀ ਫੋਰਸ (ਬੀਐਸਐਫ ) ਨੇ ਸਾਲ 2015 ਤੋਂ 2017 ਤੱਕ 168 ਜਵਾਨ ਗੁਵਾਏ ਹਨ।
ਆਪਣੇ ਸਾਥੀ ਜਵਾਨਾਂ ਦੀ ਸ਼ਹਾਦਤ ਨੂੰ ਦੇਖ ਕੇ ਜਵਾਨਾਂ ਦਾ ਮਨ ਪਸੀਜਿਆ ਜਾਣਾ ਕੁਦਰਤੀ ਹੈ। ਮਨੋਵਿਗਿਆਨਕਾਂ ਦੀ ਮੰਨੀਏ ਤਾਂ ਇਨ੍ਹਾਂ *ਚੋਂ ਕੁਝ ਜਵਾਨ ਅਵਸਾਦ *ਚ ਚਲੇ ਜਾਂਦੇ ਹਨ। ਗ੍ਰਹਿ ਮੰਤਰਾਲੇ ਨੇ ਇਕ ਰਿਪੋਰਟ *ਚ ਜਵਾਨਾਂ ਦੀ ਆਤਮਹੱਤਿਆ ਅਤੇ ਅਵਸਾਦ ਦੇ ਕਈ ਕਾਰਨ ਗਿਣਾਏ ਹਨ, ਜਿਨ੍ਹਾਂ ਦੇ ਕਾਰਨ ਪਿਛਲੇ ਕੁਝ ਸਾਲਾਂ *ਚ ਪੈਰਾਮਿਲਟਰੀ ਫੋਰਸਾਂ ਦੇ ਚਾਰ ਸੌ ਤੋਂ ਜਿਆਦਾ ਜਵਾਨਾਂ ਨੇ ਆਤਮਹੱਤਿਆ ਕੀਤੀ ਅਤੇ ਆਪਣੇ ਨਾਲ ਚਾਰ ਦਰਜ਼ਨ ਤੋਂ ਜਿਆਦਾ ਜਵਾਨਾਂ ਨੂੰ ਨਿਸ਼ਾਨਾ ਬਣਾਇਆ।
ਆਮਤੌਰ *ਤੇ ਪੈਰਾਮਿਲਟਰੀ ਫੋਰਸਾਂ ਦੇ ਉੱਚ ਅਧਿਕਾਰੀ ਇਹ ਦਲੀਲ ਦਿੰਦੇ ਹਨ ਕਿ ਜਵਾਨਾਂ *ਚ ਆਤਮਹੱਤਿਆ ਦੀ ਵਧਦੀ ਪ੍ਰਵਿਰਤੀ ਦਾ ਮੂਲ ਕਾਰਨ ਉਨ੍ਹਾਂ ਦਾ ਪਰਿਵਾਰਕ ਤਣਾਅ ਹੈ, ਨਾ ਕਿ ਨੌਕਰੀ ਦੌਰਾਨ ਪੈਦਾ ਹੋਣ ਵਾਲਾ ਦਬਾਅ। ਇਸ *ਚ ਕੋਈ ਦੋ ਰਾਇ ਨਹੀਂ ਕਿ ਜਵਾਨਾਂ ਦੇ ਆਤਮਹੱਤਿਆ ਕਰਨ ਅਤੇ ਨੌਕਰੀ ਛੱਡਣ ਦੇ ਪਿੱਛੇ ਪਰਿਵਾਰਕ ਤਣਾਅ ਵੱਡਾ ਕਾਰਨ ਹੋ ਸਕਦਾ ਹੈ, ਪਰ ਹੋਰ ਦੂਜੇ ਕਾਰਨ ਵੀ ਹਨ ਜੋ ਜਵਾਨਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ।
ਸੱਚ ਤਾਂ ਇਹ ਹੈ ਕਿ ਇਸ ਨੌਕਰੀ ਦੀਆਂ ਸਖਤ ਸੇਵਾ ਸ਼ਰਤਾਂ ਵੀ ਜਵਾਨਾ ਦੀ ਪ੍ਰੇਸ਼ਾਨੀ ਅਤੇ ਆਤਮਹੱਤਿਆ ਦਾ ਕਾਰਨ ਬਣਦੀਆਂ ਹਨ। ਕੁਝ ਸਾਲਾਂ ਤੋ ਪੈਰਾਮਿਲਟਰੀ ਫੋਰਸਾਂ ਦੀਆਂ ਸੇਵਾ ਸ਼ਰਤਾਂ ਅਤੇ ਸਰਵਿਸ ਦੀਆ ਖਾਮੀਆਂ ਨੂੰ ਲੈਕੇ ਸਵਾਲ ਚੱਕੇ ਜਾ ਰਹੇ ਹਨ।
ਸਖਤ ਸੇਵਾ—ਸ਼ਰਤਾਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਖੜੀਆਂ ਕਰ ਰਹੀਆਂ ਹਨ। ਸਿਰਫ ਸੀਆਰਪੀਐਫ ਦੀ ਗੱਲ ਕਰੀਏ ਤਾਂ 80 ਫੀਸਦ ਜਵਾਨਾਂ ਨੂੰ ਪਿਛਲੇ ਦੋ ਦਹਾਕਿਆ ਤੋਂ ਇਕ ਥਾਂ *ਤੇ ਸਥਾਈ ਤਾਇਨਾਤੀ ਨਹੀਂ ਮਿਲ ਸਕੀ ਹੈ ਅਤੇ ਉਹ ਸਮੇਂ—ਸਮੇਂ *ਤੇ ਤਨਖਾਹ *ਚ ਵਾਧੇ ਦੇ ਲਾਭ ਤੋਂ ਵੀ ਵਾਂਝੇ ਹਨ। ਸੱਚ ਕਹੀਏ ਤਾਂ ਇਨ੍ਹਾਂ ਜਵਾਨਾਂ ਦੀ ਜਿੰਦਗੀ ਖਾਨਾਬਦੋਸ਼ਾਂ ਜਿਹੀ ਲੱਗਦੀ ਹੈ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ
ਬਠਿੰਡਾ।