(ਸਮਾਜ ਵੀਕਲੀ)
ਮੈਂ ਜਦੋਂ ਆਪਣੇ ਨਵੇਂ ਘਰ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਗੁਆਂਢ ਵਿੱਚ ਹੀ ਇੱਕ ਪਿਆਰੀ ਜਿਹੀ ਸਹੇਲੀ ਮਿਲ ਗਈ। ਮੈਨੂੰ ਘਰ ਤੋਂ ਵੱਧ ਖੁਸ਼ੀ ਸਹੇਲੀ ਮਿਲਣ ਦੀ ਸੀ ਕਿਓਂਕਿ ਜਿੱਥੇ ਅਸੀਂ ਪਹਿਲਾਂ ਰਹਿੰਦੇ ਸਾਂ ਉੱਥੇ ਮੇਰੀ ਕੋਈ ਸਹੇਲੀ ਨਹੀਂ ਸੀ ਤੇ ਮੈਂ ਕਿਸੇ ਨਾਲ਼ ਦਿਲ ਦੀਆਂ ਗੱਲਾਂ ਨਹੀਂ ਕਰ ਸਕਦੀ ਸੀ। ਅਕਸਰ ਜਦੋਂ ਪਤੀ ਕੰਮ ਤੇ ਚਲੇ ਜਾਂਦੇ ਤੇ ਬੱਚੇ ਸਕੂਲ ਤਾਂ ਮੈਂ ਆਪਣੀ ਕਲਮ ਲੈ ਕੇ ਬੈਠ ਜਾਇਆ ਕਰਦੀ ਤੇ ਕੁੱਝ ਨਾਂ ਕੁੱਝ ਲਿਖਦੀ ਰਹਿੰਦੀ।
ਲਿਖਣ ਦਾ ਸਿਲਸਿਲਾ ਤਾਂ ਹੁਣ ਵੀ ਜਾਰੀ ਸੀ ਪਰ ਹੁਣ ਦਿਲ ਦੀਆਂ ਸਾਝਾਂ ਪਾਉਣ ਲਈ ਬੋਲਣ ਤੇ ਸਮਝਣ ਵਾਲੀ ਸਹੇਲੀ ਮਿਲ ਗਈ ਸੀ। ਅਸੀਂ ਜਦੋਂ ਵੀ ਵਿਹਲੀਆਂ ਹੁੰਦੀਆਂ ਤਾਂ ਅਕਸਰ ਕਿੰਨੀ- ਕਿੰਨੀ ਦੇਰ ਗੱਲਾਂ ਕਰਦੀਆਂ ਤੇ ਖੂਬ ਹੱਸਦੀਆਂ। ਓਹਦੇ ਬੈਠਿਆਂ ਹੀ ਮੈਨੂੰ ਕਈ ਵਾਰ ਮੇਰੇ ਪਾਠਕਾਂ ਦੇ ਫੋਨ ਵੀ ਆਉਂਦੇ ਸਨ ਜੋ ਮੇਰੀਆਂ ਰਚਨਾਵਾਂ ਪੜ੍ਹ ਕੇ ਮੈਨੂੰ ਆਸ਼ੀਰਵਾਦ ਦੇਣ ਲਈ ਫੋਨ ਕਰਦੇ ਸਨ। ਇਸ ਤਰਾਂ ਮੇਰੀ ਉਸ ਸਹੇਲੀ ਨੂੰ ਪਤਾ ਸੀ ਕਿ ਮੇਰੀ ਪਹਿਚਾਣ ਬਹੁਤ ਲੋਕਾਂ ਨਾਲ਼ ਹੈ।
ਇੱਕ ਦਿਨ ਉਹ ਬਹੁਤ ਦੁੱਖੀ ਜਿਹੀ ਮੇਰੇ ਕੋਲ਼ ਆਈ ਤੇ ਬੜੇ ਤਰਲੇ਼ ਜਿਹੇ ਨਾਲ਼ ਕਹਿਣ ਲੱਗੀ ਕਿ ਮੇਰੇ ਘਰ ‘ਚ ਬਹੁਤ ਕਲੇਸ਼ ਰਹਿਣ ਲੱਗ ਪਿਆ ਹੈ। ਹੁਣ ਸਾਡੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ। ਉਹ ਹਰ ਵੇਲੇ ਮੇਰੇ ਕੰਮਾਂ ‘ਚ ਨੁਕਸ ਕੱਢਦੇ ਰਹਿੰਦੇ ਹਨ ਅਤੇ ਗੁੱਸੇ ਵਿੱਚ ਮੇਰੇ ਕੋਲੋਂ ਵੀ ਕੁੱਝ ਮਾੜਾ ਚੰਗਾ ਬੋਲ ਹੋ ਜਾਂਦਾ ਹੈ। ਹੁਣ ਤਾਂ ਇੰਝ ਲੱਗਦਾ ਕਿ ਸਾਡੇ ਦੋਹਾਂ ਵਿੱਚੋਂ ਇੱਕ ਨੇ ਜ਼ਰੂਰ ਮਰ ਜਾਣਾ ਹੈ। ਇੰਨਾਂ ਕਹਿ ਕੇ ਉਹ ਰੋਣ ਲੱਗ ਪਈ।
ਮੈਂ ਉਹਨੂੰ ਦਿਲਾਸਾ ਦਿੱਤਾ ਤੇ ਹੌਂਸਲਾ ਰੱਖਣ ਲਈ ਕਿਹਾ। ਅਸੀਂ ਦੋਵੇਂ ਇਸ ਸਮੱਸਿਆ ਦਾ ਹੱਲ ਲੱਭ ਰਹੀਆਂ ਸਾਂ ਕਿ ਉਹ ਅਚਾਨਕ ਬੋਲੀ ਕਿ ਭੈਣ ਬਣ ਕੇ ਤੂੰ ਮੇਰੀ ਇੱਕ ਮਦਦ ਕਰ ਦੇ। ਮੈਂ ਤੇਰਾ ਇਹ ਅਹਿਸਾਨ ਕਦੇ ਨਹੀਂ ਭੁੱਲਾਂਗੀ।
ਮੈਂ ਹੈਰਾਨ ਸਾਂ ਪਰ ਉਹ ਅੱਗੇ ਬੋਲੀ ਕਿ ਤੈਨੂੰ ਤਾਂ ਬਹੁਤ ਸਾਰੇ ਜੋਤਸ਼ੀਆਂ ਬਗੈਰਾ ਦੇ ਵੀ ਫੋਨ ਆਉਂਦੇ ਰਹਿੰਦੇ ਹਨ, ਤੂੰ ਸਾਡੇ ਦੋਵਾਂ ਦੇ ਗ੍ਰਹਿ ਪੁੱਛ ਕੇ ਵੇਖ, ਮਤਲਬ ਪੁੱਛ ਪਵਾਂ ਕੇ ਵੇਖ, ਕੀ ਪਤਾ ਸੱਭ ਕੁਝ ਠੀਕ ਹੋ ਜਾਵੇ!
ਮੈਂ ਹੈਰਾਨ ਹੋ ਕੇ ਉਹਨੂੰ ਵੇਖ ਰਹੀ ਸਾਂ ਪਰ ਉਹ ਮੇਰੇ ਬਿਨਾਂ ਕੁੱਝ ਕਹੇ ਹੀ ਜਲਦੀ ਨਾਲ ਮੇਰੀ ਕਾਪੀ ਚੁੱਕ ਲਿਆਈ ਤੇ ਆਪਣੀ ਤੇ ਆਪਣੇ ਪਤੀ ਦੀ ਜਨਮ ਤਰੀਕ ਆਦਿ ਲਿਖਣ ਲੱਗੀ।
ਪਰ ਇਹ ਸੱਭ ਤਾਂ ਅੰਧਵਿਸ਼ਵਾਸ………! ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਓਸਨੇ ਅਣਸੁਣੀ ਕਰਦਿਆਂ ਮੇਰੇ ਅੱਗੇ ਹੱਥ ਜੋੜ ਦਿੱਤੇ ਤੇ ਰੋਂਦੇ ਹੋਏ ਚਲੀ ਗਈ।
ਮੈਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਸੀ। ਕੁੱਝ ਦਿਨ ਲਗਾਤਾਰ ਸੋਚਣ ਤੋਂ ਬਾਅਦ ਮੈਨੂੰ ਇੱਕ ਗੱਲ ਸੁੱਝੀ। ਮੈਂ ਆਪਣੀ ਉਸ ਸਹੇਲੀ ਦੇ ਘਰ ਗਈ। ਉਹ ਕੱਲੀ ਉਦਾਸ ਬੈਠੀ ਸੀ। ਮੈਨੂੰ ਵੇਖ਼ ਕੇ ਖੁਸ਼ ਹੋ ਗਈ।
ਮੈਂ ਉਹਦੇ ਕੁੱਝ ਬੋਲਣ ਤੋਂ ਪਹਿਲਾਂ ਹੀ ਆਪਣੀ ਗੱਲ ਸ਼ੁਰੂ ਕਰ ਦਿੱਤੀ। ਵੇਖ਼ ਅੜੀਏ! ਵੈਸੇ ਤਾਂ ਮੈਂ ਇਹਨਾਂ ਪੁੱਛਾਂ ਵਗੈਰਾ ਦੇ ਚੱਕਰ ਵਿੱਚ ਪੈਂਦੀ ਨਹੀਂ, ਤੈਨੂੰ ਪਤਾ ਹੀ ਹੈ। ਪਰ ਤੇਰੀ ਖਾਤਿਰ ਮੈਂ ਇੱਕ ਸੁਲਝੇ ਹੋਏ ਜੋਤਸ਼ੀ ਵੀਰ ਨੂੰ ਪੁੱਛ ਪਾਈ ਸੀ।
ਅੱਛਾ! ਕੀ ਕਹਿੰਦਾ ਉਹ?ਉਹਦੇ ਚਿਹਰੇ ਤੇ ਰੌਣਕ ਆ ਗਈ ਤੇ ਖੁਸ਼ ਹੁੰਦਿਆਂ ਬੋਲੀ।
ਕੁੱਝ ਖਾਸ ਨਹੀਂ, ਓਹਨੇ ਤਾਂ ਬੜਾ ਆਸਾਨ ਜਿਹਾ ਹੱਲ ਦੱਸਿਆ, ਪਰ ਜੇ ਤੂੰ ਚੰਗੀ ਤਰਾਂ ਕਰੇਂ ਤਾਂ ਹੀ ਫ਼ਾਇਦਾ ਹੋਣਾ, ਮੈਂ ਗੱਲ ਅੱਗੇ ਤੋਰੀ।
ਤੂੰ ਦੱਸ ਤਾਂ ਸਹੀ, ਆਪਣਾ ਘਰ ਸਵਰਨ ਲਈ ਮੈਂ ਸੱਭ ਕੁੱਝ ਕਰਾਂਗੀ, ਉਹਨੇ ਹੱਥ ਜੋੜਦਿਆਂ ਕਿਹਾ।
ਠੀਕ ਹੈ, ਇਹ ਦੱਸ ਘਰੇ ਲਾਚੀਆਂ ਹਨ? ਜੇ ਹਨ ਤਾਂ ਧਿਆਨ ਨਾਲ ਸੁਣ, ਮੈਂ ਕਿਹਾ।
ਹਾਂ.. ਬਿਲਕੁਲ ਹਨ, ਉਹ ਬੋਲੀ।
ਇੱਕ ਤਾਂ ਰੋਜ਼ 11 ਲਾਚੀਆਂ ਹੱਥ ਵਿੱਚ ਰੱਖ ਕੇ101 ਵਾਰ ਪਾਠ ਕਰਨਾ ਹੈ, ਭਾਵੇਂ ਸਤਿਨਾਮ ਵਾਹਿਗੁਰੂ ਕਹੀ ਜਾਇਆ ਕਰ। ਇਹਨਾਂ ਲਾਚੀਆਂ ਨੂੰ ਚਾਹ ਵਿੱਚ ਪਾ ਕੇ ਸਾਰੇ ਪੀ ਲਿਆ ਕਰੋ। ਦੂਜਾ ਜਦੋਂ ਵੀ ਖਾਣਾ ਬਣਾਉਣ ਲੱਗੇ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ ਹੈ, ਤੀਸਰਾ ਜੇ ਪਤੀ ਕੁੱਝ ਚੰਗਾ ਮੰਦਾ ਬੋਲੇ ਵੀ ਤਾਂ ਤੂੰ ਗੁੱਸਾ ਨਹੀਂ ਕਰਨਾ ਸਗੋਂ ਮਨ ਹੀ ਮਨ ਸਿਮਰਨ ਕਰਦੇ ਰਹਿਣਾ ਹੈ। ਬੱਸ ਹੋਰ ਕੁਝ ਨਹੀਂ ਕਰਨਾ, ਇਹ ਕਹਿ ਕੇ ਮੈਂ ਵਾਪਿਸ ਆ ਗਈ।
ਕੁੱਝ ਦਿਨਾਂ ਬਾਅਦ ਉਹ ਚਹਿਕਦੀ ਹੋਈ ਮੇਰੇ ਘਰ ਆਈ। ਉਹਦੇ ਚਿਹਰੇ ਤੇ ਨੂਰ ਝਲਕ ਰਿਹਾ ਸੀ। ਉਹ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ਕਿ ਭਲਾ ਹੋਵੇ ਤੇਰਾ, ਤੂੰ ਮੇਰਾ ਵਿਖਰਦਾ ਹੋਇਆ ਘਰ ਮੁੜ ਵਸਾ ਦਿੱਤਾ ਹੈ। ਵਾਹਿਗੁਰੂ ਤੇਰੇ ਵਰਗੀ ਸਹੇਲੀ ਸੱਭ ਨੂੰ ਦੇਵੇ। ਤੇਰੇ ਦੱਸੇ ਤਿੰਨਾਂ ਤਰੀਕਿਆਂ ਨੇ ਮੇਰੇ ਘਰ ‘ਚੋਂ ਕਲੇਸ਼ ਦੂਰ ਕਰ ਦਿੱਤਾ ਹੈ ਤੇ ਹੁਣ ਸੱਭ ਕੁਝ ਠੀਕ ਹੋ ਗਿਆ ਹੈ। ਮੇਰੀਏ ਭੈਣੇ, ਤੇਰਾ ਬਹੁਤ ਬਹੁਤ ਧੰਨਵਾਦ।
ਮੈਂ ਉਸਦੇ ਹੱਥ ਫੜੇ ਤੇ ਕਿਹਾ ਕਿ ਜੇ ਧੰਨਵਾਦ ਕਰਨਾ ਹੈ ਤਾਂ ਉਸ ਵਾਹਿਗੁਰੂ ਜੀ ਦਾ ਕਰ। ਉਹਨਾਂ ਦਾ ਨਾਮ ਸਿਮਰ ਕੇ ਹੀ ਤੇਰੇ ਦੁੱਖ ਦੂਰ ਹੋਏ ਹਨ ਤੇ ਮੈਨੂੰ ਮਾਫ਼ ਕਰੀਂ ਕਿਉਂਕਿ ਇਹ ਪੁੱਛ ਮੈਨੂੰ ਕਿਸੇ ਜੋਤਸ਼ੀ ਨੇ ਨਹੀਂ ਦੱਸੀ ਸੀ, ਬਲਕਿ ਮੈਂ ਆਪ ਹੀ ਤੈਨੂੰ ਦਿੱਤੀ ਸੀ। ਝੂਠ ਬੋਲਣ ਲਈ ਮਾਫ਼ ਕਰ ਦੇਵੀਂ, ਮੈਂ ਕੁੱਝ ਸ਼ਰਮਿੰਦਾ ਹੋਈ।
ਉਹ ਕੁੱਝ ਪਲ਼ ਹੈਰਾਨ ਖੜ੍ਹੀ ਰਹੀ ਤੇ ਫਿਰ ਅਚਾਨਕ ਮੈਨੂੰ ਜੱਫੀ ਪਾ ਕੇ ਰੋਣ ਲੱਗੀ। ਤੂੰ ਇਸ ਵਿਛੜੀ ਹੋਈ ਰੂਹ ਨੂੰ ਵਾਹਿਗੁਰੂ ਜੀ ਦੇ ਲੜ੍ਹ ਲਗਾ ਦਿੱਤਾ ਹੈ, ਤੂੰ ਤਾਂ ਮੇਰੀ ਮਾਰਗਦਰਸ਼ਕ ਹੈ, ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ!
ਤੇਰੀ ਦਿੱਤੀ ਪੁੱਛ ਨੇ ਮੇਰੀ ਤਾਂ ਜ਼ਿੰਦਗੀ ਹੀ ਬਦਲ ਦਿੱਤੀ।
ਮੈਂ ਮਨੋਂ ਮਨੀਂ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਤੇ ਝੂਠ ਬੋਲਣ ਦੀ ਮਾਫ਼ੀ ਮੰਗੀ।
ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ,ਲੁਧਿਆਣਾ ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly