ਨਵੀਂ ਦਿੱਲੀ- ਆਪਣੇ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਦੇ ਮਕਸਦ ਨਾਲ ਦਿੱਲੀ ਦੇ ਪੁਲੀਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਨੇ ਉੱਤਰੀ ਜ਼ੋਨ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਪਣੇ ਮਾਤਹਿਤਾਂ ਦੀ ਖੁੱਲ੍ਹੇ ਦਿਲ ਨਾਲ ਹੌਸਲਾ-ਅਫ਼ਜ਼ਾਈ ਵੀ ਕੀਤੀ। ਮੀਟਿੰਗ ਦੌਰਾਨ ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ (ਅਮਨ ਕਾਨੂੰਨ) ਸਤੀਸ਼ ਗੋਲਚਾ, ਜੁਆਇੰਟ ਕਮਿਸ਼ਨਰ ਆਫ਼ ਪੁਲੀਸ (ਉੱਤਰੀ ਜ਼ੋਨ) ਮਨੀਸ਼ ਕੁਮਾਰ, ਉੱਤਰੀ ਜ਼ੋਨ ਦੇ ਡੀਸੀਪੀ, ਵਧੀਕ ਡੀਸੀਪੀ, ਏਸੀਪੀ ਅਤੇ ਸਾਰੇ ਥਾਣਿਆਂ ਦੇ ਐੱਸਐੱਚਓ ਵੀ ਹਾਜ਼ਰ ਸਨ। ਨਵੇਂ ਕਮਿਸ਼ਨਰ ਨੂੰ ਸੁਣਨ ਅਤੇ ਉਨ੍ਹਾਂ ਨਾਲ ਗੱਲਬਾਤ ਲਈ ਕਰੀਬ 750 ਪੁਲੀਸ ਮੁਲਾਜ਼ਮ ਮੌਜੂਦ ਸਨ। ਸ੍ਰੀਵਾਸਤਵ ਨੇ ਬਿਨਾਂ ਕਿਸੇ ਝਿਜਕ ਦੇ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਸੁਨੇਹਾ ਦਿੱਤਾ ਕਿ ਉਹ ਹਰ ਵੇਲੇ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ,‘‘ਜੇਕਰ ਪੁਲੀਸ ਮੁਲਾਜ਼ਮ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਤਾਂ ਫਿਰ ਉਨ੍ਹਾਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰੋ। ਲੋਕਾਂ ਨੂੰ ਮਹਿਸੂਸ ਕਰਵਾਉ ਕਿ ਪੁਲੀਸ ਉਨ੍ਹਾਂ ਦੀ ਦੋਸਤ ਹੈ।’’ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਹਰੇਕ ਪੁਲੀਸ ਮੁਲਾਜ਼ਮ ਕਾਨੂੰਨ ਦੇ ਘੇਰੇ ਅੰਦਰ ਰਹਿ ਕੇ ਫ਼ੈਸਲੇ ਲੈਣ ਲਈ ਆਜ਼ਾਦ ਹੈ। ‘ਉਸ ਨੂੰ ਬਿਨਾਂ ਕਿਸੇ ਦੇਰੀ ਦੇ ਕਾਨੂੰਨ ਮੁਤਾਬਕ ਜਨ ਹਿੱਤ ’ਚ ਫ਼ੈਸਲੇ ਲੈਣੇ ਚਾਹੀਦੇ ਹਨ ਅਤੇ ਉੱਚ ਅਧਿਕਾਰੀਆਂ ਤੋਂ ਹੁਕਮ ਲੈਣ ਦੀ ਉਡੀਕ ਨਹੀਂ ਕਰਨੀ ਚਾਹੀਦੀ ਹੈ।’ ਉਨ੍ਹਾਂ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ’ਤੇ ਵੀ ਜ਼ੋਰ ਦਿੱਤਾ।
INDIA ਪੁਲੀਸ ਮੁਲਾਜ਼ਮ ਨੂੰ ਉੱਚ ਅਧਿਕਾਰੀ ਤੋਂ ਹੁਕਮ ਲੈਣ ਦੀ ਲੋੜ ਨਹੀਂ: ਸ੍ਰੀਵਾਸਤਵ