ਬਹਿਰਾਮਪੁਰ ਬੇਟ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਕੱਲ੍ਹ ਐਤਵਾਰ ਨੂੰ ਸਾਹਿਤ ਸਭਾ ਰਜਿ ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਸ੍ਰੀ ਹਰਨਾਮ ਸਿੰਘ ਡੱਲਾ ਦੀ ਪਰਧਾਨਗੀ ਹੇਠ ਸਾਹਿਤ ਸਭਾ ਰਜਿ ਬਹਿਰਾਮਪੁਰ ਬੇਟ ਦੇ ਦਫਤਰ ਕੰਪਲੈਕਸ ਵਿਖੇ ਇੱਕ ਸਮਾਗਮ ਦਾ ਰੂਪ ਧਾਰਨ ਕਰ ਗਈ। ਜਦੋਂ ਇਸ ਇਕੱਤਰਤਾ ਵਿੱਚ ਪੁਆਧੀ ਰੰਗ ਮੰਚ ਦੇ ਮਸ਼ਹੂਰ ਕਲਾਕਾਰ ਅਤੇ ਲੇਖਕ ਸ੍ਰੀ ਰੋਮੀ ਘੜਾਮੇਂ ਵਾਲ਼ਾ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ।
ਇਸ ਸਮੇਂ ਸਰਬ ਸ੍ਰੀ ਰਾਬਿੰਦਰ ਰੱਬੀ, ਸੁਰਜੀਤ ਮੰਡ, ਹਰਜਿੰਦਰ ਸਿੰਘ ਗਪਾਲੋਂ, ਅਮਨਦੀਪ ਸਿੰਘ, ਯਾਕੂਬ ਅਲੀ, ਸੁਰਿੰਦਰ ਸਿੰਘ, ਮੋਹਣ ਲਾਲ ਰਾਹੀ, ਕਿਰਨ ਕੁਮਾਰ, ਲੇਖ ਰਾਜ ਧੀਰ, ਦਰਸ਼ਨ ਸਿੰਘ, ਅਜਮੇਰ ਫਿਰੋਜ਼ਪੁਰੀ, ਮਨਮੋਹਣ ਸਿੰਘ ਰਾਣਾ, ਡਾਕਟਰ ਤੇਜਪਾਲ ਸਿੰਘ ਕੰਗ, ਸੁਰਿੰਦਰਪਾਲ ਸਿੰਘ, ਸਤਵਿੰਦਰ ਸਿੰਘ ਮੜੌਲੀ, ਡਾਕਟਰ ਦੌਲਤ ਰਾਮ ਲੋਈ, ਰਮਨਦੀਪ ਸਿੰਘ, ਹਰਜੀਤ ਲੋਈ, ਕੁਲਵਿੰਦਰ ਸਿੰਘ ਅਤੇ ਹਰਨਾਮ ਸਿੰਘ ਡੱਲਾ ਨੇ ਵੀ ਹਾਜ਼ਰੀ ਭਰੀ। ਸ਼ੁਰੂਆਤੀ ਪਲਾਂ ਵਿੱਚ ਸ੍ਰੀ ਸੁਰਜੀਤ ਮੰਡ ਨੇ ਰੋਮੀ ਘੜਾਮੇਂ ਵਾਲ਼ਾ ਦੇ ਸਾਹਿਤਕ ਅਤੇ ਸੱਭਿਆਚਾਰਕ ਜੀਵਨ ‘ਤੇ ਪੰਛੀ ਝਾਤ ਪੁਆਈ। ਸਾਹਿਤਕ ਦੌਰ ਵਿੱਚ ਹਰਜਿੰਦਰ ਸਿੰਘ ਗਪਾਲੋਂ ਨੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ।
ਉਪਰੰਤ ਰੋਮੀ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਬਚਪਨ ਵਿੱਚ ਗੁਰਦੁਆਰੇ ਨਾਲ ਜੁੜ ਕੇ ਧਾਰਮਿਕ ਕਵਿਤਾਵਾਂ ਪੇਸ਼ ਕਰਨਾ ਉਸ ਨੂੰ ਅੱਜ ਨਾਲ ਜੋੜ ਰਿਹਾ ਹੈ। ਪਿੰਡ ਦੇ ਮਸ਼ਹੂਰ ਕਮਿਊਨਿਸਟ ਆਗੂਆਂ ਨਾਲ ਜਲਸਿਆਂ ਜਲੂਸਾਂ ਵਿੱਚ ਵੀ ਉਹ ਲੋਕ ਪੱਖੀ ਕਵਿਤਾਵਾਂ ਸੁਣਾਉਂਦਾ ਰਿਹਾ ਹੈ। ਤੀਖਣ ਬੁੱਧੀ ਕਰਕੇ ਹੀ ਉਹ ਨਵੋਦਿਆ ਸਕੂਲ ਵਿੱਚ ਦਾਖਲ ਹੋ ਸਕਿਆ ਅਤੇ ਬਾਅਦ ਵਿੱਚ ਮੈਡੀਕਲ ਕਿੱਤੇ ਵੱਲ ਰੋਟੀ ਰੋਜ਼ੀ ਕਮਾਉਣ ਲੱਗਾ। ਇਸੇ ਦੌਰਾਨ ਉਸ ਨੇ ਪੰਜਾਬੀ ਸਾਹਿਤ ਦੀਆਂ ਬਹੁਤ ਮਿਆਰੀ ਕਿਤਾਬਾਂ ਵੀ ਪੜ੍ਹੀਆਂ ਅਤੇ ਉਸ ਹਾਸ ਵਿਅੰਗ ਦੀਆਂ ਕਵਿਤਾਵਾਂ ਲਿਖਣ ਲੱਗਾ। ਹੌਲੀ ਹੌਲੀ ਉਸ ਕੇ ਸਾਹਿਤ ਸਭਾਵਾਂ ਵੱਲ ਰੁਖ ਕੀਤਾ ਅਤੇ ਕਵਿਤਾਵਾਂ ਅਤੇ ਗੀਤਾਂ ਨਾਲ ਹਾਜ਼ਰੀ ਭਰਨੀ ਸ਼ੁਰੂ ਕੀਤੀ। ਸਾਹਿਤਕਾਰਾਂ ਅਤੇ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਣ ਕਰਕੇ ਉਹ ਸਾਹਿਤ ਸਭਾਵਾਂ ਵਿੱਚ ਜਾਣ ਲੱਗਾ।
ਉਹ ਸੁਰਜੀਤ ਗੱਗ ਦੀ ਵਿਦਰੋਹੀ ਕਵਿਤਾ ਤੋਂ ਵੀ ਪਰਭਾਵਿਤ ਹਨ। ਇਸੇ ਕਰਕੇ ਉਸ ਨੇ ਜੁਮਲੇ ਲੈ ਲਓ ਜੁਮਲੇ, ਗੋਦੀ ਮੀਡੀਆ’, ਮੁੰਡਾ ਚੌਕੀਦਾਰ ਲੱਗਿਆ ਵਰਗੇ ਚਰਚਿਤ ਗੀਤ ਲਿਖ ਕੇ ਆਪ ਫਿਲਮਾਏ ਜਿਹਨਾਂ ਨੂੰ ਐੱਨ ਡੀ ਟੀ ਵੀ, ਆਜ ਤੱਕ ਅਤੇ ਸੋਸ਼ਲ ਮੀਡੀਏ ਉੱਤੇ ਸਰਾਹਿਆ ਗਿਆ ਅਤੇ ਰਾਜਨੀਤਕ ਵਿਰੋਧੀਆਂ ਤੋਂ ਧਮਕੀਆਂ ਵੀ ਜਰਨੀਆਂ ਪਈਆਂ। ਬਹਿਰਹਾਲ ਉਸ ਨੇ ਲੋਕ ਸਾਹਿਤ ਅਤੇ ਸੱਭਿਆਚਾਰਕ ਦੀ ਅਮੀਰਤ ਨੂੰ ਕਾਇਮ ਰੱਖਣ ਦਾ ਬੀੜਾ ਚੁੱਕਿਆ ਹੈ। ਜਿਸ ਨੂੰ ਚਲਦਾ ਰੱਖਿਆ ਜਾਣ ਲਈ ਬਚਨ ਵੱਧਤਾ ਪਰਗਟਾ ਕੇ ਸਰੋਤਿਆਂ ਤੋਂ ਰੁਖਸਤ ਲਈ। ਇਸ ਦੌਰਾਨ ਸਭਾ ਦੇ ਮੈਬਰਾਂ ਨੇ ਰੋਮੀ ਨੂੰ ਸ਼ਾਲ ਅਤੇ ਯਾਦ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਅੰਤ ਤਾੜੀਆਂ ਦੀ ਗੜਗੜਾਹਟ ਨਾਲ ਸਮਾਗਮ ਦੀ ਸਮਾਪਤੀ ਹੋਈ। ਸ੍ਰੀ ਅਜਮੇਰ ਸਿੰਘ ਫਿਰੋਜ਼ਪੁਰੀ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।