ਪੀਐਚ.ਡੀ.ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ : ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

  (ਸਮਾਜ ਵੀਕਲੀ)   ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ ਬਹੁਤ ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ ਛਪਵਾ ਰਹੇ ਹਨ। ਪੱਲਿਓ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ ਪਹਿਲਾਂ ਲੇਖਕ ਹੈ, ਬੁੱਧ ਬੋਲ, ਬੁੱਧ ਚਿੰਤਨ ਤੇ ਇਲਤੀ ਬਾਬਾ ਦੀ ਗੱਲ ਹੁੰਦੀ ਹੈ। ਉਹ ਨਾ ਕਾਲਜ ਪੜ੍ਹਿਆ ਹੈ ਤੇ ਨਾ ਯੂਨੀਵਰਸਿਟੀ ਪੜ੍ਹਿਆ ਹੈ ਪਰ ਉਹ ਸਾਹਿਤ ਤੇ ਸਮਾਜ ਨੂੰ ਏਨਾ ਪੜ੍ਹ ਗਿਆ ਹੈ ਕਿ ਹਰ ਵਿਸ਼ੇ ‘ਤੇ ਖ਼ੋਜ ਕਰਕੇ ਲਿਖਣ ਦਾ ਮਾਹਿਰ ਬਣ ਗਿਆ ਹੈ।
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿੱਚ ਹੁੰਦੀਆਂ ਤੇ ਹੋਈਆਂ ਜਾਅਲੀ ਡਿਗਰੀਆਂ ਦਾ ਪਰਦਾ ਜਦੋਂ  ਉਸ ਨੇ ਚੁੱਕਿਆ ਸੀ ਤੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ ਭੁਚਾਲ ਆ ਗਿਆ ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ ।
ਇਹ ਸ਼ਖਸ ਬਹੁਤ ਹੀ ਸਧਾਰਨ ਪਰਵਾਰ ਦੇ ਵਿੱਚ ਜੰਮਿਆ ਪਲਿਆ। ਅੱਠਵੀਂ ਵਿੱਚ ਪੜ੍ਹਦੇ ਨੂੰ ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ਪਰ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ ਫੇਰ ਸਕੂਲ ਪੜ੍ਹਨ  ਲੱਗ ਗਿਆ। ਦਸਵੀਂ ਦੇ ਵਿੱਚ ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ। ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ ਸਕਿਆ। ਘਰ ਦੀ ਆਰਥਿਕ ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ ਕੰਮ ਕੀਤਾ ਤੇ ਫੇਰ ਅਖਬਾਰ ਦੇ ਵਿੱਚ  ਬਤੌਰ ਪਰੂਫ ਰੀਡਰ ਲੱਗ ਗਿਆ। ਰੋਜ਼ਾਨਾ ਅੱਜ ਦੀ ਆਵਾਜ਼, ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ, ਪਹਿਰੇਦਾਰ , ਜੁਝਾਰ ਟਾਈਮਜ਼ ਦੇ ਵਿੱਚ ਕਈ ਵਰ੍ਹੇ ਸੰਪਾਦਕੀ ਬੋਰਡ ਵਿੱਚ ਸੇਵਾਵਾਂ ਨਿਭਾਉਂਦਾ ਰਿਹਾ।
ਪਿੰਡ ਨੀਲੋੰ ਕਲਾਂ ਜਿਲ੍ਹਾ ਲੁਧਿਆਣਾ ਦਾ ਜੰਮਿਆ ਬੁੱਧ ਸਿੰਘ ਨੀਲੋੰ ਕੀ ਅਖਬਾਰਾਂ ਤੇ ਅਦਾਰਿਆਂ ਵਿੱਚ ਸੇਵਾ ਨਿਭਾਅ ਚੁੱਕਾ ਹੈ। ਪੰਜਾਬੀ ਦੀ ਕੋਈ ਅਖਬਾਰ ਤੇ ਸਾਹਿਤਕ ਮੈਗਜੀਨ ਅਜਿਹਾ ਨਹੀ ਜਿਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ। 1983 ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਛਪਣ ਲੱਗਿਆ। ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ ਜੁੜਿਆ ਹੀ ਨਹੀਂ ਰਿਹਾ ਸਗੋ ਪਿੰਡ ਵਿੱਚ ਹਰ ਸਾਲ ਸਾਹਿਤਕ ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਅਨੇਕ ਨੌਜਵਾਨਾਂ ਨੂੰ ਪੱਤਰਕਾਰਤਾ ਦੇ ਨਾਲ ਜੋੜਿਆ ਤੇ ਖ਼ਬਰ ਲਿਖਣ ਦੇ ਗੁਰ ਦੱਸੇ।
ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ ਸਰਕਾਰੀ ਨੌਕਰੀ ਨਹੀਂ ਕਰ ਸਕਿਆ । ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ ਮੈਗਜ਼ੀਨ ਦਾ ਕਾਲਮ ਨਵੀਸ ਰਿਹਾ। ਉਹ ਲਗਾਤਾਰ ਹਰ ਮਸਲੇ ਉੱਤੇ ਆਪਣੀ ਰਾਇ ਲਿਖਦਾ ਹੈ, ਮਸਲਾ ਕੋਈ ਵੀ ਹੋਵੇ, ਉਸ ਦੀ ਕਲਮ ਨਿਰੰਤਰ ਚਲਦੀ ਹੈ। ਪਿਛਲੇ ਤੇਈ ਵਰ੍ਹਿਆਂ ਤੋਂ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ ਸਹਾਇਕ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ। ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ ਉਸ ਨੇ ਕਿਤਾਬਾਂ ਤੇ  ਐਮ.ਏ. ਐਮ.ਫਿਲ.ਪੀਐਚ.ਡੀ ਤੇ ਡੀ. ਲਿਟ ਦੇ ਖ਼ੋਜ ਨਿਬੰਧ ਤੇ ਖ਼ੋਜ ਪ੍ਰਬੰਧ ਤੇ ਹਰ ਵਿਧਾ ਦੀਆਂ ਕਿਤਾਬਾਂ ਨੂੰ ਘੋਲ ਕੇ ਪੀ ਗਿਆ ।
ਜਦੋਂ  ਉਸ ਨੇ ਪੀਐਚ.ਡੀ. ਦੇ ਥੀਸਿਸ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਦੇ ਵਿੱਚ ਹੋਈਆਂ ਗੜਬੜਾਂ ਤੋਂ ਪਰਦੇ ਚੁੱਕਿਆ ਤੇ ਉਹ ਦੀ ਚਰਚਾ ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ  ਹੋਣ ਲੱਗੀ ।ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ ਨਕਲਾਂ ਨੂੰ  ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ  ਛਾਪਣ ਦਾ ਹੌਸਲਾ ਕੀਤਾ। ਇਸ ਦੇ ਨਾਲ ਉਸ ਦੀ ਚਰਚਾ ਤਾਂ  ਬਹੁਤ  ਹੋ ਗਈ ਪਰ ਉਸ ਨੂੰ ਧਮਕੀਆਂ ਤੇ ਫਾਕੇ ਝੱਲਣੇ ਪਏ।  ਨੌਕਰੀ ਵੀ ਗਵਾਈ ਪਰ ਉਸ ਨੇ ਆਪਣਾ ਖ਼ੋਜ ਦਾ ਕੰਮ ਨਾ ਛੱਡਿਆ। ਉਸ ਨੇ ਹੁਣ ਤੱਕ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਜੰਮੂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ  ਵੱਡੀ ਗਿਣਤੀ ਦੇ ਵਿੱਚ ਥੀਸਿਸ ਪੜ੍ਹ ਕੇ ਉਸਦਾ ਪਰਦਾ ਚਾਕ ਕੀਤਾ ।
ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ ” ਕਲਾਮ ਬਾਬੂ ਰਜਬ ਅਲੀ ” 2009 ਦੇ ਵਿੱਚ  ਸੰਪਾਦਿਤ ਕੀਤੀ । ਜਿਸ ਦੇ ਹੁਣ ਤੱਕ ਪੰਜ ਐਡੀਸ਼ਨ ਆ ਚੁੱਕੇ ਹਨ। ਇਸ ਤੋਂ ਬਿਨਾਂ ਸੱਤ ਕਿਤਾਬਾਂ ਅਨੁਵਾਦ ਕੀਤੀਆਂ ਹਨ। ਉਸ ਨੇ ਪੰਜਾਬ ਦੇ ਬਾਰੇ ਖੋਜ ਪੁਸਤਕ ” ਪੰਜਾਬ ਦੀ ਤਸਵੀਰ ” ਹੈ, ਜਿਸ ਦੇ ਵੀ ਹੁਣ ਤਿੰਨ ਐਡੀਸ਼ਨ ਆ ਚੁੱਕੇ ਹਨ। ਉਸਦੀ ਪੰਜਾਬੀ ਸਾਹਿਤ  ਤੇ ਯੂਨੀਵਰਸਿਟੀਆਂ ਦੇ ਵਿੱਚ  ਹੁੰਦੀ  ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕ ” ਪੰਜਾਬੀ ਸਾਹਿਤ ਦਾ ਮਾਫੀਆ ” ਛਪ ਗਈ ਹੈ। ਇਸ ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹੈ।
ਭਾਵੇਂ ਉਸ ਦੇ ਕੋਲ ਕੋਈ ਡਿਗਰੀ ਨਹੀਂ ਪਰ ਉਸ ਨੇ ਅਨੇਕਾਂ ਨੂੰ ਡਿਗਰੀਆਂ ਤੇ ਨੌਕਰੀਆਂ ਦਿਵਾਈਆਂ ਹਨ।
ਹੁਣ ਵੀ ਉਹ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਲਿਖ ਰਿਹਾ ਹੈ। ਉਸਦੇ ਨਾਲ ਟੀਵੀ ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀ ਐਂਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਤੇ ਇਹਨਾਂ ਨਕਲੀ ਡਾਕਟਰਾਂ ਦੇ ਬੱਖੀਏ ਉਧੇੜਦਾ ਹੈ।
ਉਸ ਨੂੰ ਲਾਇਬ੍ਰੇਰੀ ਦੇ ਨਾਲ ਏਨਾ ਪਿਆਰ ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ ਲਾਇਬ੍ਰੇਰੀ ਦੇ ਵਿੱਚ ਪਈਆਂ ਕਿਤਾਬਾਂ ਬਾਰੇ ਦੱਸ ਸਕਦਾ ਸੀ। ਹੁਣ ਉਸ ਨੂੰ ਨਿੱਤ ਖ਼ੋਜ ਕਰਨ ਵਾਲਿਆਂ ਦੇ ਹੀ ਨਹੀਂ ਸਗੋਂ ਉਸ ਦੀਆਂ ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ।
ਉਸ ਦੇ ਹੁਣ ਤੱਕ ਕੀਤੇ ਖ਼ੋਜ ਕਾਰਜ਼ ਦਾ ਕਿਸੇ ਸੰਸਥਾ ਨੇ ਮੁੱਲ  ਨਹੀਂ ਪਾਇਆ । ਇਹ ਖ਼ੋਜੀ ਲੇਖਕ ਹਰ ਲੇਖ ਦੇ ਵਿੱਚ ਹਰ ਦਿਨ ਨਵੀਆਂ ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ।  ਉਸਦੇ ਕੋਲ ਬਹੁਤ ਲੋਕਾਂ ਦੀਆਂ ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ ਦੀ ਨਕਲ ਮਾਰੀ ਹੈ ਸਭ ਦਾ ਪਤਾ ਹੈ।
ਹੁਣ ਲੁਧਿਆਣਾ ਤੋਂ ਛਪਦੇ ਰੋਜ਼ਾਨਾ ਪਹਿਰੇਦਾਰ ਤੇ ਰੋਜ਼ਾਨਾ ਜੁਝਾਰ ਟਾਈਮਜ਼ ਦਾ ਸੀਨੀਅਰ ਸਬ ਐਡੀਟਰ ਵਜੋਂ  ਸੇਵਾਵਾਂ  ਨਿਭਾਉਂਦਾ ਰਿਹਾ ਤੇ ਅੱਜਕੱਲ੍ਹ ਰੋਜ਼ਾਨਾ ਪ੍ਰਾਈਮ ਉਦੇ ਦਾ ਸਮਾਚਾਰ ਸੰਪਾਦਕ ਹੈ। ਰੋਜ਼ਾਨਾ ਸੰਪਾਦਕੀ ਤੇ ਬੁੱਧ ਬੋਲ , ਤਾਇਆ ਬਿਸ਼ਨਾ, ਪਿਆਜ ਦੇ ਛਿਲਕੇ, ਇਲਤੀਨਾਮਾ, ਬੁੱਧ ਬਾਣ ਤੇ ਬੁੱਧ ਚਿੰਤਨ ਅਜਿਹੇ ਕਾਲਮ ਲਿਖਦਾ ਹੈ। ਉਸ ਦੀ ਟੀਵੀ ਚੈਨਲਾਂ ਉੱਤੇ ਗੱਲਬਾਤ ਅਕਸਰ ਹੁੰਦੀਂ ਹੈ।
ਅੱਜ ਕੱਲ੍ਹ ਉਹ ਆਪਣੀ ਪਤਨੀ ਬਲਜੀਤ ਕੌਰ ਤੇ ਬੇਟੇ ਗੌਰਵਦੀਪ ਸਿੰਘ  (ਦੀਪ ਸਾਹਨੀ) ਦੇ ਨਾਲ ਬਹੁਤ ਹੀ ਸਧਾਰਨ ਜ਼ਿੰਦਗੀ ਜੀਅ ਰਿਹਾ ਹੈ। ਪਿੰਡ ਸਾਹਨੇਵਾਲ ਖ਼ੁਰਦ ਵਸਦਾ ਹੈ।
ਇਹ  ਸੱਚ ਮੁੱਚ ਦਾ ਪ੍ਰਲੋਤਾਰੀ ਹੈ। ਜਿਹੜਾ ਸਮਾਜ ਦੇ ਵਿੱਚ ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ ਸਾਫ ਕਰਨ ਦਾ ਯਤਨ ਕਰਦਾ ਹੈ।  ਉਹ ਹੈ ਕੀ ਹੈ, ਉਸਦਾ ਉਸਨੂੰ ਵੀ ਪਤਾ ਨਹੀਂ …? ਗੁਣਾਂ ਦੀ ਗੁਥਲੀ ਹੈ ਉਹ।
ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਉਹ ਕਿਸੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਪਰ ਉਹ ਤੇ ਇੱਕ ਕਲਮ ਦਾ ਮਜ਼ਦੂਰ ਹੈ। ਮਜ਼ਦੂਰੀ ਕਰਦਾ ਹੈ ਤੇ ਲਿਖਣ ਪੜ੍ਹਨ ਦਾ ਫਰਜ਼ ਹੈ ਜੋ ਆਪਣੇ ਹਿੱਸੇ ਦਾ ਫਰਜ਼ ਨਿਭਾ ਰਿਹਾ ਹੈ। ਉਸਨੂੰ ਪਤਾ ਹੈ ਕੀ ਲਿਖਣਾ ਹੈ, ਕਿਵੇਂ ਲਿਖਣਾ ਹੈ, ਕੀਹਨਾ ਦੇ ਲਈ ਲਿਖਣਾ ਤੇ ਉਸ ਨੂੰ  ਲਿਖਣ ਦੀ ਕਿਉਂ ਲੋੜ ਹੈ ? ਲਿਖਣ ਦਾ ਗਿਆਨ ਹੈ।
ਜਿਵੇਂ  ਪਹਾੜਾਂ ਤੋਂ ਟੁੱਟ ਕੇ ਧਰਤੀ ਤੱਕ ਪੁਜਦਾ ਪੱਥਰ ਗੋਲ ਹੋ ਜਾਂਦਾ  ਹੈ। ਬਸ ਏਹੀ ਉਸਦੇ ਨਾਲ ਹੋਇਆ ਹੈ । ਸਮਾਜ ਦੇ ਵਿੱਚ ਵਿਚਰਦਿਆਂ ਉਹ ਗੋਲ ਨਹੀਂ ਸਗੋਂ  ਤਿਕੋਣਾ ਬਣ ਗਿਆ  ਹੈ ਜਿਸ ਦੀਆਂ ਲਿਖਤਾਂ ਅਖੌਤੀ  ਵਿਦਵਾਨਾਂ ਤੇ ਅਲੇਖਕਾਂ ਨੂੰ ਤਾਂ ਚੁੱਭਦੀਆਂ ਪਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ। ਉਸ ਦੇ ਬਹੁਤ ਦੁਸ਼ਮਣ ਹਨ, ਤੇ ਬਹੁਤ ਪ੍ਰਸੰਸਕ ਹਨ।  ਉਸ ਦੀਆਂ ਲਿਖਤਾਂ ਨੂੰ ਸੋਸ਼ਲ ਮੀਡੀਆ ਤੇ ਪਾਠਕ ਹਰ ਰੋਜ਼  ਉਡੀਕ ਦੇ ਹਨ।
ਉਸਦੇ ਬਾਰੇ ਮੈਨੂੰ ਏਨਾ ਕੁ ਪਤਾ ਲੱਗਿਆ ਹੈ ਪਰ ਉਹ ਹੈ ਕੀ ? ਕਦੋਂ ਪੜ੍ਹਦਾ ਤੇ ਲਿਖਦਾ..ਉਸ ਨੂੰ ਹੀ ਪਤਾ ਹੈ ਕਿ ਉਹ ਕੀ ਹੈ?…ਪਰ ਉਹ ਕਹਿੰਦਾ ਮੈਂ ਕੀ ਹਾਂ ਤੇ ਕਿਉਂ ਹਾਂ ਮੈਨੂੰ ਵੀ ਪਤਾ ਨਹੀਂ ਪਰ ਇਹ ਸੱਚਮੁੱਚ ਦਾ ਪੰਜਾਬੀ ਸਾਹਿਤ ਤੇ ਸਮਾਜ ਨੂੰ ਮੁਹੱਬਤ ਕਰਨ ਵਾਲਾ ਉਹ ਕਲਮ ਦਾ ਯੋਧਾ ਹੈ ਜਿਹੜਾ ਬਿਨਾਂ ਕਿਸੇ ਡਰ ਦੇ ਪੰਜਾਬੀ ਸਾਹਿਤ  ਦੇ ਨਿਵੇਕਲੀਆਂ ਉਹ ਪੈੜਾਂ ਪਾ ਰਿਹਾ ਹੈ ਜੋ ਸਦਾ ਰਹਿਣਗੀਆਂ।

  ਉਸਦੇ ਨਾਲ ਕਿਸੇ ਵੀ ਵਿਸ਼ੇ ਤੇ ਤੁਸੀਂ ਗੱਲ ਕਰ ਸਕਦੇ ਹੋ…ਸੰਪਰਕ ਨੂੰ  94643 70823  ਹੈ। ਆਮੀਨ 

ਰਮੇਸ਼ਵਰ ਸਿੰਘ, ਸੰਪਰਕ -9914880392

Previous articleਪੰਜਾਬ ਖੇਡ ਨਕਸ਼ੇ ‘ਤੇ ਮੋਹਰੀ ਸੂਬੇ ਵੱਜੋਂ ਉੱਭਰੇਗਾ – ਡਾ. ਰਵਜੋਤ ਸਿੰਘ
Next articleਆਪਣੀ ਬੋਲੀ ਆਪਣੇ ਲੋਕ