ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਖਨਾ ਝੀਲ ਦੀ ਕੁਦਰਤੀ ਹੋਂਦ ਨੂੰ ਬਰਕਰਾਰ ਰੱਖਦਿਆਂ ਇਸ ਦੇ ਘੇਰੇ ਵਿੱਚ ਬਣੀਆਂ ਜਾਇਜ਼ ਅਤੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਆਦੇਸ਼ ਦਿੱਤੇ ਹਨ। ਇਸ ਕਾਰਨ ਪਿੰਡ ਕੈਂਬਵਾਲਾ, ਕਾਂਸਲ, ਨਵਾਂ ਗਾਓਂ, ਸਕੇਤੜੀ, ਖੁੱਡਾ ਅਲੀਸ਼ੇਰ ਦੇ ਸੈਂਕੜੇ ਮਕਾਨ ਢਾਹੇ ਜਾ ਸਕਦੇ ਹਨ। ਅਦਾਲਤ ਦੇ ਇਨ੍ਹਾਂ ਹੁਕਮਾਂ ਕਾਰਨ ਲੋਕਾਂ ਦੇ ਮਨਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ ਕੈਂਬਵਾਲਾ ਦੇ ਕਰੀਬ 650 ਘਰਾਂ ’ਚ ਸਾਢੇ ਚਾਰ ਹਜ਼ਾਰ ਲੋਕ ਰਹਿੰਦੇ ਹਨ ਜੋ ਉਸਾਰੀਆਂ ਢਹਿਣ ਕਾਰਨ ਬੇਘਰ ਹੋ ਜਾਣਗੇ। ਇਸ ਦੇ ਨਾਲ ਹੀ ਇਲਾਕੇ ’ਚ ਬਣੀ ਗੁੱਗਾ ਮਾੜੀ, ਬਾਬਾ ਬਾਲਕ ਨਾਥ ਦਾ ਮੰਦਰ, ਗੁਰਦੁਆਰਾ ਗੁਰਸਾਗਰ ਸਾਹਿਬ ਅਤੇ ਪੁਰਾਣੀ ਧਰਮਸ਼ਾਲਾ ਵੀ ਲਪੇਟ ’ਚ ਆ ਜਾਣਗੇ ਜਿਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਕਾਰਨ ਢਾਹੁਣਾ ਪਵੇਗਾ। ਦੂਜੇ ਪਾਸੇ ਪਿੰਡ ਕਾਂਸਲ ’ਚ ਸਥਿਤ 1400-1500 ਮਕਾਨਾਂ ’ਤੇ ਵੀ ਅਨਿਸ਼ਚਿਤਤਾ ਦੀ ਤਲਵਾਰ ਲਟਕ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ’ਚ ਸਥਿਤ ਦੋ ਮੰਦਿਰ, ਗੁਰਦੁਆਰਾ ਸਾਹਿਬ ਅਤੇ ਇਕ ਪ੍ਰਾਈਵੇਟ ਸਕੂਲ ਵੀ ਸੁਖਨਾ ਝੀਲ ਦੇ ਘੇਰੇ ਵਿੱਚ ਆਉਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਂਸਲ ’ਚ ਸਥਿਤ ਮਕਾਨਾਂ ਨੂੰ ਸਾਲ 2009 ’ਚ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਮਾਸਟਰ ਪਲਾਨ ਤਹਿਤ ਪਾਸ ਕੀਤਾ ਗਿਆ ਸੀ। ਇਸ ਦੇ ਬਾਵਜੂਦ ਅਦਾਲਤ ਦੇ ਹੁਕਮਾਂ ਕਾਰਨ ਇਨ੍ਹਾਂ ਮਕਾਨਾਂ ਨੂੰ ਢਾਹਿਆ ਜਾ ਸਕਦਾ ਹੈ। ਪਿੰਡ ਸਕੇਤੜੀ ਦੇ ਸੈਕਟਰ-2 ਸਥਿਤ ਘਰਾਂ ਨੂੰ ਹੁੱਡਾ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਸੈਕਟਰ-1 ਦੇ ਪਲਾਟ ਵੀ ਹੁੱਡਾ ਵੱਲੋਂ ਹੀ ਅਲਾਟ ਕੀਤੇ ਗਏ ਹਨ। ਇਨ੍ਹਾਂ ਬਾਰੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।
ਅਦਾਲਤ ਦੇ ਆਦੇਸ਼ਾਂ ਤੋਂ ਸਹਿਮੇ ਪਿੰਡ ਕੈਂਬਵਾਲਾ ਦੇ ਵਸਨੀਕਾਂ ਵੱਲੋਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੋਨੂੰ ਨੇ ਕਿਹਾ ਕਿ ਪਿੰਡ ਕੈਂਬਵਾਲਾ ’ਚ ਸਥਿਤ ਮਕਾਨ ਬਹੁਤ ਪੁਰਾਣੇ ਬਣੇ ਹੋਏ ਹਨ ਅਤੇ ਅਦਾਲਤ ਦੇ ਹਕਮਾਂ ਕਾਰਨ ਜੇਕਰ ਮਕਾਨ ਢਾਹੇ ਗਏ ਤਾਂ ਲੋਕ ਬੇਘਰ ਹੋ ਜਾਣਗੇ। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਇਸ ਮਾਮਲੇ ਸਬੰਧੀ ਯੂਟੀ ਪ੍ਰਸ਼ਾਸਕ ਦੇ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਪਿੰਡ ਕਾਂਸਲ, ਖੁੱਡਾ ਅਲੀਸ਼ੇਰ ਅਤੇ ਕੈਂਬਵਾਲਾ ਦੇ ਵਸਨੀਕਾਂ ਵੱਲੋਂ ਐਤਵਾਰ ਨੂੰ ਪਿੰਡ ਕਾਂਸਲ ’ਚ ਮੀਟਿੰਗ ਰੱਖੀ ਗਈ ਹੈ।
INDIA ਪਿੰਡਾਂ ਦੇ ਵਸਨੀਕਾਂ ਵਿੱਚ ਬੇਘਰ ਹੋਣ ਦਾ ਖ਼ੌਫ਼