ਭਾਈਰੂਪਾ (ਸਮਾਜ ਵੀਕਲੀ): ਪਿੰਡ ਆਦਮਪੁਰਾ ਵਿਚ ਇਕ ਪਿਤਾ ਨੇ ਆਪਣੀ ਛੇ ਮਹੀਨਿਆਂ ਦੀ ਬੱਚੀ ਨੂੰ ਕੰਧ ਵਿਚ ਮਾਰ ਕੇ ਕਤਲ ਕਰਨ ਮਗਰੋਂ ਆਪਣੀ ਪਤਨੀ ਅਤੇ ਸਹੁਰੇ ਨੂੰ ਜ਼ਖ਼ਮੀ ਕਰ ਦਿੱਤਾ। ਚੌਕੀ ਦਿਆਲਪੁਰਾ ਭਾਈਕਾ ਪੁਲੀਸ ਨੇ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਬੱਚੀ ਦੇ ਪਿਤਾ ਖ਼ਿਲਾਫ਼ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਆਦਮਪੁਰਾ ਦੀ ਪਤਨੀ ਜਸਵਿੰਦਰ ਕੌਰ ਵਾਸੀ ਗਿੱਲ ਕਲਾਂ (ਬਠਿੰਡਾ) ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਵਿਆਹ 2017 ਵਿਚ ਜਗਦੀਸ਼ ਸਿੰਘ ਨਾਲ ਹੋਇਆ ਸੀ ਤੇ 6 ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਬੱਚੀ ਦਾ ਜਨਮ ਹੋਇਆ। ਵਿਆਹ ਤੋਂ ਪਹਿਲਾਂ ਉਸ ਦਾ ਪਤੀ ਸ਼ਿਪ ਕੰਪਨੀ ‘ਚ ਕੰਮ ਕਰਦਾ ਸੀ।
ਇਸੇ ਦੌਰਾਨ ਉਸ ਦੇ ਕਥਿਤ ਤੌਰ ’ਤੇ ਕਿਸੇ ਵਿਦੇਸ਼ੀ ਔਰਤ ਨਾਲ ਸਬੰਧ ਬਣ ਗਏ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸ ਕਾਰਨ ਦੋਵਾਂ ’ਚ ਝਗੜਾ ਰਹਿੰਦਾ ਸੀ। ਬੀਤੇ ਦਿਨ ਜਦੋਂ ਉਸ ਦਾ ਪਿਤਾ ਵੀ ਉਸ ਦੇ ਸਹੁਰੇ ਪਿੰਡ ਆਦਮਪੁਰਾ ਆਇਆ ਹੋਇਆ ਸੀ ਤਾਂ ਰਾਤ ਕਰੀਬ 9 ਵਜੇ ਜਗਦੀਸ਼ ਨੇ ਆਪਣੀ ਬੱਚੀ ਨੂੰ ਘਰ ’ਚ ਬਣੇ ਵਰਾਂਡੇ ਦੇ ਥਮਲੇ ਨਾਲ ਮਾਰਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਉਹ ਤੇ ਉਸ ਦਾ ਪਿਤਾ ਅੱਗੇ ਆਏ ਤਾਂ ਉਸ ਨੇ ਉਨ੍ਹਾਂ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਸਿਵਲ ਹਸਪਤਾਲ ਰਾਮਪੁਰਾ ’ਚ ਇਲਾਜ ਚੱਲ ਰਿਹਾ ਹੈ।
ਦਿਆਲਪੁਰਾ ਪੁਲੀਸ ਨੇ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਜਗਦੀਸ਼ ਸਿੰਘ ਖਿਲਾਫ ਧਾਰਾ 302, 307, 323 ਤਹਿਤ ਕੇਸ ਦਰਜ ਲਿਆ ਹੈ।