ਪਿਤਾ ਦੀ ਹਾਰ ਦਾ ਬਦਲਾ ਲੈਣ ਨਹੀਂ ਆਇਆ: ਲਵ ਸਿਨਹਾ

ਨਵੀਂ ਦਿੱਲੀ (ਸਮਾਜ ਵੀਕਲੀ) : ਬਿਹਾਰ ਦੇ ਬਾਂਕੀਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਵ ਸਿਨਹਾ (37) ਨੇ ਕਿਹਾ ਕਿ ਉਸ ਨੇ ਆਪਣੀ ਹਿੰਮਤ ਤੇ ਜੇਰੇ ਨੂੰ ਸਾਬਤ ਕਰਨ ਲਈ ਹੀ ਭਾਜਪਾ ਦੇ ਗੜ੍ਹ ਆਖੇ ਜਾਂਦੇ ਇਸ ਵਿਧਾਨ ਸਭਾ ਹਲਕੇ ਤੋਂ ਸਿਆਸੀ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਲਵ, ਪਟਨਾ ਸੰਸਦੀ ਖੇਤਰ ਅਧੀਨ ਆਉਂਦੇ ਇਸ ਹਲਕੇ ਤੋਂ ਤਿੰਨ ਵਾਰ ਦੇ ਅਤੇ ਮੌਜੂਦਾ ਭਾਜਪਾ ਵਿਧਾਇਕ ਨੂੰ ਚੁਣੌਤੀ ਦੇਵੇਗਾ। ਬੌਲੀਵੁੱਡ ਸੁਪਰਸਟਾਰ ਤੇ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਣ ਸਿਨਹਾ ਦੇ ਪੁੱਤਰ ਲਵ ਸਿਨਹਾ ਨੇ ਕਿਹਾ ਕਿ ਉਹ ਬਾਂਕੀਪੁਰ ਅਸੈਂਬਲੀ ਸੀਟ ਤੋਂ ਇਸ ਲਈ ਚੋਣ ਨਹੀਂ ਲੜ ਰਿਹਾ ਕਿ ਆਪਣੇ ਪਿਤਾ ਨੂੰ 2019 ਸੰਸਦੀ ਚੋਣਾਂ ਵਿੱਚ ਮਿਲੀ ਹਾਰ ਦਾ ਬਦਲਾ ਲੈ ਸਕੇ, ਬਲਕਿ ਉਸ ਦਾ ਇਰਾਦਾ ਪਟਨਾ ਦੇ ਲੋਕਾਂ ਦੀ ਭਲਾਈ ਲਈ ਲੜਨਾ ਹੈ।

ਆਪਣੇ ਪਿਤਾ ਵਾਂਗ ਅਦਾਕਾਰ ਤੋਂ ਸਿਆਸਤਦਾਨ ਬਣੇ ਲਵ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਸਾਲ 2014 ਮਗਰੋਂ ਭਾਜਪਾ ਪਹਿਲਾਂ ਵਾਲੀ ਪਰਟੀ ਨਹੀਂ ਰਹੀ। ਲਵ ਨੇ ਕਿਹਾ ਕਿ ਭਾਜਪਾ ਵਿੱਚ ਹੁਣ ਅੰਤਰ-ਪਾਰਟੀ ਵਿਚਾਰ ਚਰਚਾ ਨਹੀਂ ਹੁੰਦੀ ਤੇ ਇਸ ਦੀ ਥਾਂ ਸਿਰਫ਼ ‘ਹੁਕਮ’ ਹੀ ਦਿੱਤੇ ਜਾਂਦੇ ਹਨ। ਰਾਸ਼ਟਰੀ ਜਨਤਾ ਦਲ ਦੀ ਥਾਂ ਕਾਂਗਰਸ ਪਾਰਟੀ ਦੀ ਹੀ ਚੋਣ ਕਰਨ ਬਾਰੇ ਪੁੱਛੇ ਜਾਣ ’ਤੇ ਸਿਨਹਾ ਨੇ ਕਿਹਾ, ‘ਇਥੇ ਸਿਰਫ਼ ਇਹ ਗੱਲ ਨਹੀਂ ਕਿ ਮੈਂ ਕਾਂਗਰਸ ਨੂੰ ਚੁਣਿਆ, ਬਲਕਿ ਕਾਂਗਰਸ ਵੱਲੋਂ ਮੈਨੂੰ ਚੁਣਨ ਦੀ ਵੀ ਹੈ। ਮੇਰੇ ਪਿਤਾ ਜਦੋਂ ਭਾਜਪਾ ਵਿੱਚ ਸਨ ਤਾਂ ਮੈਂ ਇਥੇ ਕਾਫ਼ੀ ਕੰਮ ਕੀਤੇ ਹਨ। ਮੈਨੂੰ ਯਕੀਨ ਹੈ ਕਿ ਕਾਂਗਰਸ ਨੇ ਇਨ੍ਹਾਂ ਕੰਮਾਂ ਨੂੰ ਵੇਖਦਿਆਂ ਹੀ ਮੈਨੂੰ ਟਿਕਟ ਲਈ ਵਿਚਾਰਿਆ ਹੋਵੇਗਾ।’

Previous articleਪਟਨਾਇਕ ਵਲੋਂ ਨੀਟ ਦੇ ਟੌਪਰ ਨੂੰ ਵਧਾਈ
Next article‘ਅਦਾਲਤੀ ਸਮਾਂ ਜ਼ਾਇਆ ਕਰਨ ਲਈ ਮੁੱਲ ਤਾਰਨਾ ਹੋਵੇਗਾ’