ਪਿਆਰ ਹੀ ਪਿਆਰ

(ਸਮਾਜ ਵੀਕਲੀ) 

 

ਸਾਨੂੰ ਨਫ਼ਰਤ ਕਰਨੀ ਨਈਂ ਆਉਂਦੀ
ਕਿਸੇ ਦੂਜੇ ਨਾਲ਼ ਨਾ ਤੀਜੇ ਨਾਲ਼ .
ਨਾ ਕੋਈ ਠੱਗੀ ਮਾਰਨੀ ਆਉਂਦੀ ਏ
ਕਿਸੇ ਚਾਚੇ ਨਾਲ਼ ਭਤੀਜੇ ਨਾਲ਼ .
ਕਦੇ ਬੇਬੇ ਨੇ ਤੇ ਕਦੇ ਬਾਪੂ ਨੇ ,
ਰੱਜ ਰੱਜ ਕੇ ਲਾਡ ਲਡਾਇਆ ਏ .
ਸਾਨੂੰ ਸਾਡੇ ਅਨਪੜ੍ ਮਾਪਿਆਂ ਨੇ ,
ਬੱਸ ਪਿਆਰ ਹੀ ਪਿਆਰ ਸਿਖਾਇਆ ਏ .

ਸਾਨੂੰ “ਪੰਛੀ” ਵਰਗੇ ਟੀਚਰਾਂ ਨੇ ,
ਜਦੋਂ ਊੜਾ ਐੜਾ ਪੜਾ੍ਇਆ ਸੀ .
ਪਿੱਛੋਂ ਸੋਹੀ ਪਿੰਡ ਬਨਭੌਰੀ ਦਾ ,
ਸਾਡੀ ਜ਼ਿੰਦਗ਼ੀ ਦੇ ਵਿੱਚ ਆਇਆ ਸੀ .
ਭਾਵੇਂ ਸਾਰੇ ਤੁਰ ਗਏ ਦੁਨੀਆਂ ਤੋਂ ,
ਅਸੀਂ ਅੱਜ ਵੀ ਸੀਸ ਝੁਕਾਇਆ ਏ .
ਸਾਨੂੰ ਰੱਬ ਵਰਗਿਆਂ ਗੁਰੂਆਂ ਨੇ ,
ਬੱਸ ਪਿਆਰ ਹੀ ਪਿਆਰ ਸਿਖਾਇਆ ਏ .

ਅਸੀਂ ਪਿੱਪਲ਼ ਬੋਹੜ ਤੇ ਨਿੰਮ ਵਰਗੇ ,
ਰੁੱਖਾਂ ਦੀ ਛਾਂ ਵੀ ਮਾਣੀਂ ਹੈ .
ਇਹ ਕੁੰਦਨ ਵਰਗੀ ਦੇਹੀ ਵੀ ,
ਆਖ਼ਰ ਨੂੰ ਮਰ ਮੁੱਕ ਜਾਣੀ ਹੈ .
ਕੁੱਝ ਮੰਗਣਾਂ ਨਹੀਂ ਬੱਸ ਦੇਣਾਂ ਹੈ ,
ਏਹੋ ਕੁੱਝ ਪੱਲੇ ਪਾਇਆ ਏ .
ਸਾਨੂੰ ਰੁਲ਼ਦੂ ਵਰਗੇ ਸਿਆਣਿਆਂ ਨੇ ,
ਬੱਸ ਪਿਆਰ ਹੀ ਪਿਆਰ ਸਿਖਾਇਆ ਏ .

ਕਈ ਯਾਰ ਮਿਲ਼ੇ ਕਈ ਪਿਆਰ ਮਿਲ਼ੇ ,
ਦੱਸੋ ਕੀਹਦਾ ਕੀਹਦਾ ਨਾਂ ਲਈਏ .
ਜੇਕਰ ਇੱਕ ਹੋਵੇ ਦੋ ਤਿੰਨ ਹੋਵਣ ,
ਕੋਈ ਗੁੱਸੇ ਨਾ ਹੋ ਜਾਏ ਤਾਂ ਲਈਏ .
ਸਾਡੇ ਗੀਤਾਂ ਤੇ ਕਵਿਤਾਵਾਂ ਨੇ ,
ਰੱਜਵਾਂ ਸਤਿਕਾਰ ਦਵਾਇਆ ਏ .
ਸਾਨੂੰ ਯਾਰਾਂ ਦੋਸਤਾਂ ਮਿੱਤਰਾਂ ਨੇ ,
ਬੱਸ ਪਿਆਰ ਹੀ ਪਿਆਰ ਸਿਖਾਇਆ ਏ .

ਅਸੀਂ ਵਾਰੇ ਸ਼ਾਹ ਦੀ ਹੀਰ ਪੜੀ੍ ,
ਪੀਲੂ ਦਾ ਮਿਰਜ਼ਾ ਵਾਚਿਆ ਏ .
ਨਿੱਤ ਸੱਸੀ ਸੋਹਣੀ ਪੜ੍ਦੇ ਹਾਂ ,
ਫਰਿਹਾਦ ਦਾ ਜਿਗਰਾ ਮਾਪਿਆ ਏ .
ਸ਼ਰਮੇਂ ਪਿੰਡ ਰੰਚਣਾਂ ਵਾਲ਼ੇ ਨੇ ,
ਸਾਨੂੰ ਅੰਬਰਾਂ ਵਿੱਚ ਉਡਾਇਆ ਏ .
ਪਿੰਡ “ਰੰਚਣਾਂ” ਵਾਲ਼ੀ ਮਿੱਟੀ ਨੇ ,
ਬੱਸ ਪਿਆਰ ਹੀ ਪਿਆਰ ਸਿਖਾਇਆ ਏ .

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ .
9914836037 , 9478408898

Previous articleਉਚੀ ਵਿਕਾਸ ਦਰ ਲਈ ਭੁੱਖਮਰੀ ਦਾ ਖਾਤਮਾ ਜਰੂਰੀ : ਰਾਜਿੰਦਰ ਕੌਰ ਚੋਹਕਾ
Next articleਤਰਕਸ਼ੀਲਾਂ ਔਰਤ ਨੂੰ ਡਰ ਮੁਕਤ ਕੀਤਾ