ਪਿਆਰ ਵਾਲ਼ਾ ਫ਼ਰਕ….

ਮਨਜੀਤ ਕੌਰ ਲੁਧਿਆਣਵੀ

ਸਮਾਜ ਵੀਕਲੀ

ਆਹ ਦੇਖੋ ਬੇਬੇ ਜੀ, ਕਿੰਨੀ ਸੋਹਣੀ ਪਤਲੀ ਜਿਹੀ ਰੋਟੀ ਹੈ। ਤੁਸੀਂ ਬਾਪੂ ਜੀ ਲਈ ਅਤੇ ਬਾਕੀ ਸਾਰੇ ਘਰਦਿਆਂ ਲਈ ਵੀ ਤੁਸੀਂ ਇਹੋ ਜਿਹੇ ਹੀ ਪਤਲੇ ਪਤਲੇ ਫੁਲਕੇ ਬਣਾਉਂਦੇ ਹੋ। ਪਰ ਮੇਰੇ ਲਈ ਹਮੇਸ਼ਾਂ ਮੋਟੀ-ਮੋਟੀ ਰੋਟੀ ਬਣਾਉਂਦੇ ਹੋ। ਮੈਂ ਨੀਂ ਬੋਲਣਾ ਤੁਹਾਡੇ ਨਾਲ਼। ਤੁਸੀਂ ਮੇਰੇ ਨਾਲ਼ ਫ਼ਰਕ ਕਰਦੇ ਹੋ। ਸੀਰਤ ਨੇ ਰੋਟੀ ਵਾਲ਼ੇ ਡੱਬੇ ਵਿੱਚੋਂ ਰੋਟੀ ਚੁੱਕ ਕੇ ਦਿਖਾਉਂਦਿਆਂ ਨਹੋਰੇ ਜਿਹੇ ਨਾਲ ਆਪਣੀ ਬੇਬੇ ਨੂੰ ਕਿਹਾ।

ਧੀਏ ਇਹ ਤਾਂ ਸੱਚ ਹੈ ਬਿਲਕੁਲ ਕਿ ਮੈਂ ਫ਼ਰਕ ਕੀਤਾ ਤੇਰੇ ਨਾਲ਼। ਪਰ ਪੁੱਤਰ ਮੈਂ ਕੀ ਕਰਾਂ ?ਬਾਕੀ ਸਾਰੇ ਘਰਦੇ ਤਾਂ ਭੁੱਖ ਮੁਤਾਬਿਕ ਰੋਟੀ ਖਾਂਦੇ ਹਨ ਤੇ ਤੂੰ ਗਿਣ ਕੇ ਦੋ ਹੀ ਰੋਟੀਆਂ ਖਾਣੀਆਂ ਹੁੰਦੀਆਂ। ਇਸੇ ਲਈ ਤੇਰੇ ਲਈ ਮੋਟੀਆਂ ਬਣਾ ਦਿੰਦੀ ਹਾਂ। ਬੇਬੇ ਨੇ ਲਾਡ ਨਾਲ਼ ਮਨਾਉਂਦਿਆਂ ਕਿਹਾ।

ਪਰ ਬੇਬੇ ਮੇਰੇ ਘੱਟ -ਵੱਧ ਰੋਟੀ ਖਾਣ ਨਾਲ ਤੁਹਾਨੂੰ ਕੀ ਫ਼ਰਕ ਪੈਂਦਾ। ਜਦੋਂ ਮੈਨੂੰ ਭੁੱਖ ਲੱਗੀ ਤਾਂ ਮੈਂ ਆਪੇ ਹੋਰ ਕੁੱਝ ਖਾ ਲਵਾਂਗੀ, ਸੀਰਤ ਨੇ ਹੈਰਾਨ ਹੁੰਦਿਆਂ ਕਿਹਾ।

ਇਹੀ ਤਾਂ ਵਜ੍ਹਾ ਹੈ ਪੁੱਤਰ, ਤੁਸੀਂ ਅੱਜਕਲ੍ਹ ਦੇ ਬੱਚੇ, ਰੋਟੀ ਚੱਜ ਨਾਲ ਖਾਂਦੇ ਨਹੀਂ, ਭੁੱਖ ਲੱਗੀ ਤਾਂ ਫ਼ਿਰ ਹੋਰ ਊਟ- ਪਟਾਂਗ ਨੂੰ ਮੂੰਹ ਮਾਰਦੇ ਫ਼ਿਰਦੇ ਹੋ। ਫ਼ਿਰ ਬਿਮਾਰ ਹੋ ਜਾਂਦੇ ਹੋ। ਨਾਲ਼ੇ ਪੁੱਤਰ ਜੇ ਬੱਚਿਆਂ ਨੇ ਰੋਟੀ ਰੱਜ ਕੇ ਖਾਧੀ ਹੋਵੇ ਤਾਂ ਮਾਵਾਂ ਨੂੰ ਤਸੱਲੀ ਰਹਿੰਦੀ ਹੈ, ਨਹੀਂ ਤਾਂ ਫ਼ਿਕਰ ਵਿਚ ਆਪਦਾ ਵੀ ਰੋਟੀ ਖਾਣ ਨੂੰ ਮਨ ਨਹੀਂ ਕਰਦਾ। ਬੇਬੇ ਨੇ ਪਿਆਰ ਨਾਲ਼ ਸਮਝਾਇਆ।

ਅੱਛਾ ਮੇਰੀ ਪਿਆਰੀ ਬੇਬੇ, ਇਹ ਗੱਲ ਹੈ! ਇਹ ਤਾਂ ਫਿਰ ਪਿਆਰ ਤੇ ਫ਼ਿਕਰ ਵਾਲ਼ਾ ਫ਼ਰਕ ਹੋਇਆ। ਇਹ ਤਾਂ ਚੱਲੂਗਾ।ਸੀਰਤ ਨੇ ਬੇਬੇ ਨੂੰ ਪਿਆਰ ਨਾਲ ਜੱਫੀ ਪਾਉਂਦਿਆਂ ਕਿਹਾ ਤੇ ਬੇਬੇ ਨੇ ਵੀ ਪਿਆਰ ਨਾਲ ਉਹਦਾ ਮੱਥਾ ਚੁੰਮ ਲਿਆ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਦੇ ਭ੍ਰਿਸ਼ਟਾਚਾਰੀਏ
Next articleਕਾਲ਼ਾ ਦਿਵਸ