ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਾਣੀ ਸਬੰਧੀ ਮਾਹਿਰਾਂ ਦਾ ਉਸ ਦਾ ਇੱਕ ਵਫ਼ਦ ਅਗਲੇ ਹਫ਼ਤੇ ਸਥਾਈ ਸਿੰਧੂ ਕਮਿਸ਼ਨ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਭਾਰਤ ਜਾਵੇਗਾ ਅਤੇ ਪਾਣੀ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰੇਗਾ। ਇੱਥੇ ਵਿਦੇਸ਼ ਦਫ਼ਤਰ ਦੇ ਤਰਜਮਾਨ ਜ਼ਾਹਿਦ ਹਫੀਜ਼ ਚੌਧਰੀ ਨੇ ਦੱਸਿਆ ਕਿ ਸਥਾਈ ਸਿੰਧੂ ਕਮਿਸ਼ਨ ਦੀ 116ਵੀਂ ਸਾਲਾਨਾ ਮੀਟਿੰਗ 23 ਤੇ 24 ਮਾਰਚ ਨੂੰ ਨਵੀਂ ਦਿੱਲੀ ’ਚ ਹੋਣੀ ਹੈ।
ਉਨ੍ਹਾਂ ਦੱਸਿਆ, ‘ਮੀਟਿੰਗ ਵਿੱਚ ਪਾਕੁਲ ਡੈਮ ਦੇ ਡਿਜ਼ਾਈਨ ਅਤੇ ਲੋਅਰ ਕਲਨਈ ਹਾਈਡ੍ਰੋਇਲੈਕਟ੍ਰਿਕ ਪਲਾਂਟਸ, ਪੱਛਮੀ ਨਦੀ ’ਤੇ ਨਵੇਂ ਭਾਰਤੀ ਪ੍ਰਾਜੈਕਟਾਂ ਦੀ ਸਪਲਾਈ ਸਬੰਧੀ ਸੂਚਨਾ ਸਣੇ ਹੋਰਨਾਂ ਮੁੱਦਿਆਂ ’ਤੇ ਵੀ ਚਰਚਾ ਹੋਵੇਗੀ।’ ਸਿੰਧੂ ਪਾਣੀਆਂ ਸਬੰਧੀ ਪਾਕਿਸਤਾਨ ਦੇ ਕਮਿਸ਼ਨਰ ਸਈਦ ਮੁਹੰਮਦ ਮੇਹਰ ਅਲੀ ਸ਼ਾਹ ਵਫ਼ਦ ਦੀ ਅਗਵਾਈ ਕਰਨਗੇ। ਭਾਰਤੀ ਵਫ਼ਦ ਦੀ ਅਗਵਾਈ ਸਿੰਧੂ ਕਮਿਸ਼ਨਰ ਪੀ.ਕੇ. ਸਕਸੈਨਾ, ਕੇਂਦਰੀ ਪਾਣੀ ਕਮਿਸ਼ਨ, ਕੇਂਦਰੀ ਇਲੈੱਕਟਰੀਸਿਟੀ ਅਥਾਰਿਟੀ ਅਤੇ ਨੈਸ਼ਨਲ ਹਾਈਡ੍ਰੋਲਿਕ ਪਾਵਰ ਕਾਰਪੋਰੇਸ਼ਨ ਤੋਂ ਆਪਣੇ ਸਲਾਹਕਾਰ ਨਾਲ ਕਰਨਗੇ।