(ਸਮਾਜ ਵੀਕਲੀ)
ਧਰਤੀ ਗ੍ਰਹਿ ਦੇ ਵੱਡੇ ਭਾਗ
ਇਸਨੂੰ ਤੋਹਫ਼ਾ ਪਾਣੀ ਮਿਲਿਆ
ਪਾਣੀ ਵਿੱਚੋਂ ਯੁੱਗਾਂ ਪਿੱਛੋਂ
ਜੀਵਨ ਰੂਪੀ ਫ਼ੁੱਲ ਸੀ ਖਿੜਿਆ
ਸੂਖ਼ਮ ਜੀਵਨ ਭਾਂਤ ਸੁਭਾਂਤਾ
ਹੌਲ਼ੀ-ਹੌਲ਼ੀ ਬਹੁ-ਸ਼ੈੱਲਾ ਹੋਇਆ
ਸਮੇਂ ਨਾਲ਼ ਫਿਰ ਰੂਪ ਵਟਾ ਕੇ
ਪੈਰਾਂ ਉੱਤੇ ਜਾ ਖਲੋਇਆ
ਪਾਣੀ ਧਰਤੀ ਦੋਵੇਂ ਥਾਈਂ
ਜੀਵ-ਮੰਡਲ ਦਾ ਹੋਇਆ ਪਸਾਰ
ਜਲ ਹੀ ਜਲ-ਥਲ-ਵਾਯੂ ਅੰਦਰ
ਜੀਵਨ ਦਾ ਬਣਿਆ ਆਧਾਰ
ਅੰਡਜ, ਜੇਰਜ, ਸੇਤਜ, ਉਤਭੁਜ,
ਜੀਵਾਂ ਦੇ ਇਹ ਚਾਰ ਭੰਡਾਰ
ਪਾਣੀ ਨਾਲ ਸਭ ਵਿਕਸਿਤ ਹੋਏ
ਪਾਣੀ ਹੀ ਜੀਵਨ ਦਾ ਸਾਰ
ਪਾਣੀ ਬਰਫ਼ਾਂ, ਪਾਣੀ ਬੱਦਲ,
ਪਾਣੀ ਵਰਖਾ, ਨਦੀਆਂ ਨਾਲ਼ੇ
ਪਾਣੀ ਕੱਕਰ, ਧੁੰਦ, ਤ੍ਰੇਲ,
ਪਾਣੀ ਵਸਦਾ ਵਿੱਚ ਪਤਾਲ਼ੇ
ਜ਼ਮੀਨ ਦੇ ਨਾਲ਼ੋਂ ਤਿੱਗਣਾ ਪਾਣੀ
ਇਹ ਸੋਚ, ਨਾ ਬੰਦਾ ਹੋਸ਼ ਸੰਭਾਲੇ
ਸਾਡੀ ਵਰਤੋਂ ਯੋਗ ਪਰ ਤਿੰਨ ਫ਼ੀਸਦੀ
ਹੁਣ ਉਹ ਵੀ ਸੁਣਿਆ ਮੁੱਕਣ ਵਾਲੇ
ਜ਼ੀਰੋ ਡਿਗਰੀ ‘ਤੇ ਜੰਮ ਜਾਂਦਾ
ਸੌ ਡਿਗਰੀ ਤੇ ਪੈਣ ਉਬਾਲੇ
ਜਲ ਦਾ ਚੱਕਰ
ਬੜਾ ਹੀ ਫੱਕਰ
ਚੱਲਦਾ ਰਹਿੰਦਾ
ਧਰਤ ਦੁਆਲ਼ੇ
ਅਸੀਂ ਮਨੁੱਖਾਂ ਕਦਰ ਨਾ ਪਾਈ
ਪਾਣੀਆਂ ਦੇ ਵਿੱਚ ਜ਼ਹਿਰ ਮਿਲਾਈ
ਨਦੀਆਂ ਵਿੱਚ ਰੋੜਿਆ ਗੰਦ
ਕੀਤੇ ਨਾ ਸਹੀ ਪ੍ਰਬੰਧ
ਆ ਰਹੇ ਨਤੀਜੇ ਬੜੇ ਭਿਆਨਕ
ਰੋਗੀ ਹੋ ਰਹੇ ਸਭ ਸਥਾਨਕ
ਜੀਵਾਂ ਨੂੰ ਅਸੀਂ ਵੰਡੀ ਮੌਤ
‘ ਸੱਭਿਅਕ ਬੰਦਿਆ’ ਕੁਝ ਤਾਂ ਸੋਚ
ਹਾਲੇ ਵੀ ਲਓ ਸਮਝ ਇਹ ਖ਼ਤਰਾ
ਸੰਭਾਲ ਕੇ ਰੱਖੋ ਕਤਰਾ-ਕਤਰਾ
ਪਾਣੀ ਬਿਨ ਜੀਵਨ ਦੁਹੇਲਾ
ਸੰਭਲਣ ਦਾ ਵੇਲਾ
ਆਇਆ
ਸੰਭਲਣ ਦਾ ਵੇਲਾ
ਪਰਮਿੰਦਰ ਭੁੱਲਰ
9463067430