ਇਸਲਾਮਾਬਾਦ (ਸਮਾਜ ਵੀਕਲੀ) : ਇਕ ਸਨਸਨੀਖੇਜ਼ ਖੁਲਾਸੇ ਵਿੱਚ ਸੀਨੀਅਰ ਪਾਕਿਸਤਾਨੀ ਮੰਤਰੀ ਨੇ ਵੀਰਵਾਰ ਨੂੰ ਇਹ ਗੱਲ ਮੰਨੀ ਕਿ ਜੰਮੂ ਅਤੇ ਕਸ਼ਮੀਰ ਵਿੱਚ 2019 ਵਿੱਚ ਹੋਏ ਪੁਲਵਾਮਾ ਹਮਲੇ ’ਚ ਪਾਕਿਸਤਾਨ ਦਾ ਹੱਥ ਸੀ। ਇਸ ਹਮਲੇ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਜੰਗ ਦੇ ਹਾਲਾਤ ਬਣ ਗਏ ਸਨ। ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫੱਵਾਦ ਚੌਧਰੀ ਨੇ ਕੌਮੀ ਅਸੈਂਬਲੀ ਵਿੱਚ ਇਕ ਬਹਿਸ ਦੌਰਾਨ ਕਿਹਾ, ‘‘ ਹਮ ਨੇ ਹਿੰਦੁਸਤਾਨ ਕੋ ਘੁਸ ਕੇ ਮਾਰਾ। ਪੁਲਵਾਮਾ ਦੀ ਸਾਡੀ ਸਫਲ਼ਤਾ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਕੌਮ ਦੀ ਸਫਲਤਾ ਹੈ। ਅਸੀਂ ਅਤੇ ਤੁਸੀਂ ਇਹ ਸਭ ਦੀ ਸਫਲਤਾ ਹੈ। ’’
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਸਹਿਯੋਗੀ ਚੌਧਰੀ ਦੀ ਇਹ ਟਿੱਪਣੀ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.ਐੱਨ.) ਦੇ ਨੇਤਾ ਅੱਯਾਜ਼ ਸਾਦਿਕ ਦੇ ਇਹ ਕਹਿਣ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਮਹੱਤਵਪੂਰਨ ਬੈਠਕ ਵਿੱਚ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ ਦੇ ਇਕ ਦਿਨ ਬਾਅਦ ਆਈ ਹੈ। ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ 27 ਫਰਵਰੀ, 2019 ਨੂੰ ਉਸ ਦੇ ਮਿਗ -21 ਨੂੰ ਹੇਠਾਂ ਡੇਗਣ ਬਾਅਦ ਕਾਬੂ ਕਰ ਲਿਆ ਸੀ। ਚੌਧਰੀ ਜੋ ਪੁਲਵਾਮਾ ਹਮਲੇ ਦੌਰਾਨ ਸੂਚਨਾ ਅਤੇ ਪ੍ਰਸਾਰਨ ਮੰਤਰੀ ਸਨ ਨੇ ਸਾਦਿਕ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਇਹ ‘ਅਣਉਚਿਤ’ ਹੈ।