ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਘੁਸਪੈਠ ਦੀਆਂ ਕੋਸ਼ਿਸ਼ਾਂ ਬਦਲੇ ਠੋਕਵਾਂ ਜਵਾਬ ਦਿੱਤਾ ਹੈ ਤੇ ਜੇਕਰ ਗੁਆਂਢੀ ਮੁਲਕ ਹੁਣ ਵੀ (ਘੁਸਪੈਠ ਤੋਂ) ਨਾ ਟਲਿਆ ਤਾਂ ਉਸ ਖ਼ਿਲਾਫ਼ ਅਜਿਹੀ ਕਾਰਵਾਈ ਮੁੜ ਕੀਤੀ ਜਾਵੇਗੀ। ਰੱਖਿਆ ਮੰਤਰੀ ਇਥੇ ਪੂਰਬੀ ਲੱਦਾਖ ਵਿੱਚ ਸ਼ਾਇਓਕ ਨਦੀ ’ਤੇ 1400 ਫੁੱਟ ਦੀ ਉਚਾਈ ’ਤੇ ਬਣੇ ਕਰਨਲ ਚਿਵਾਂਗ ਰਿਨਚਨ ਪੁਲ ਦੇ ਉਦਘਾਟਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲ ਦੇ ਚਾਲੂ ਹੋਣ ਨਾਲ ਸਿਆਚਿਨ ਗਲੇਸ਼ੀਅਰ ਸੈਲਾਨੀਆਂ ਲਈ ਖੁੱਲ੍ਹ ਜਾਏਗਾ। ਇਹ ਇੰਨੀ ਉਚਾਈ ’ਤੇ ਬਣਿਆ ਆਪਣੀ ਕਿਸਮ ਦਾ ਪਹਿਲਾ ਪੱਕਾ ਪੁਲ ਹੈ, ਜੋ ਲੇਹ ਨੂੰ ਕਰਾਕੋਰਮ ਪਾਸ ਨਾਲ ਜੋੜੇਗਾ। ਪੁਲ ਦੇ ਉਦਘਾਟਨ ਨਾਲ ਪੂਰਬੀ ਲੱਦਾਖ ਦੇ ਦੌਲਤ ਬੇਗ਼ ਓਲਡੀ ਸੈਕਟਰ ’ਚ ਸੁਰੱਖਿਆ ਦਸਤਿਆਂ ਦੀ ਆਮਦੋ-ਰਫ਼ਤ ਸੁਖਾਲੀ ਹੋ ਜਾਏਗੀ। ਰੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਾਰਾ 370 ਤੇ ਧਾਰਾ 35ਏ ਮਨਸੂਖ਼ ਕਰਨ ਮਗਰੋਂ ਲੱਦਾਖ ਖਿੱਤੇ ’ਚ ਹੁਣ ਸਿਰਫ਼ ‘ਦੋਸਤ ਬਣਨਗੇ’ ਤੇ ‘ਦੁਸ਼ਮਣਾਂ ਲਈ ਕੋਈ ਥਾਂ ਨਹੀਂ’ ਹੈ। ਉਨ੍ਹਾਂ ਕਿਹਾ, ‘ਸਾਡੀਆਂ ਫ਼ੌਜਾਂ ਕਦੇ ਵੀ ਪਾਕਿਸਤਾਨ ਵਾਲੇ ਪਾਸੇ ਇੰਨੀਆਂ ਹਮਲਾਵਰ ਨਹੀਂ ਰਹੀਆਂ। ਅਸੀਂ ਕਦੇ ਵੀ ਗੋਲੀਬਾਰੀ ਲਈ ਪਹਿਲ ਨਹੀਂ ਕੀਤੀ ਪਰ ਦੂਜੇ ਪਾਸਿਓਂ ਦਹਿਸ਼ਤੀ ਸਰਗਰਮੀਆਂ ਨੂੰ ਹਮਾਇਤ ਦੇ ਕੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਅਸਥਿਰ ਤੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਭਾਰਤੀ ਥਲ ਸੈਨਾ ਨੇ ਉਨ੍ਹਾਂ ਨੂੰ ‘ਠੋਕਵਾਂ ਜਵਾਬ’ ਦਿੱਤਾ ਹੈ।’ ਇਸ ਮੌਕੇ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ, ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਰਣਬੀਰ ਸਿੰਘ, ਲੱਦਾਖ ਦੇ ਸੰਸਦ ਮੈਂਬਰ ਜਾਮਯਾਂਗ ਸੇਅਰਿੰਗ ਨਾਮਗਯਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਰੱਖਿਆ ਮੰਤਰੀ ਨੇ ਯੁੱਧਨੀਤਕ ਪੱਖੋਂ ਅਹਿਮ ਪੁਲ ਦੀ ਉਸਾਰੀ ਲਈ ਬੀਆਰਓ ਨੂੰ ਵਧਾਈ ਦਿੱਤੀ।
HOME ਪਾਕਿ ਨੂੰ ਠੋਕਵਾਂ ਜਵਾਬ ਦੇਵੇਗੀ ਥਲ ਸੈਨਾ: ਰਾਜਨਾਥ