ਇਸਲਾਮਾਬਾਦ (ਸਮਾਜ ਵੀਕਲੀ)
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਛੇ ਮਹੀਨਿਆਂ ਤੋਂ ਬੰਦ ਪਈਆਂ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੇ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਦੇ ਦੂਜੇ ਪੜਾਅ ਤਹਿਤ ਅੱਜ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹੇ ਗਏ ਹਨ।
ਦੇਸ਼ ਵਿੱਚ ਕੋਵਿਡ-19 ਤੋਂ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਸਖ਼ਤ ਪਾਬੰਦੀਆਂ ਅਤੇ ਇਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਤੈਅ ਮਾਪਦੰਡ ਪ੍ਰਕਿਰਿਆ (ਐੱਸਓਪੀ) ਦੀ ਪਾਲਣ ਦੇ ਸਪਸ਼ਟ ਆਦੇਸ਼ ਨਾਲ ਛੇਵੀਂ ਤੋਂ ਅੱਠਵੀਂ ਜਮਾਤ ਲਈ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ।
ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਪ੍ਰਸ਼ਾਸਨ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਸਬੰਧੀ ਨਿਯਮਾਂ ਦੀ ਪਾਲਣਾ ਕਰਨਾ ਅਤੇ ਲਗਾਤਾਰ ਹੱਥ ਸਾਫ਼ ਕਰਨ ਲਈ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਯਕੀਨੀ ਬਣਾਉਣਾ ਹੋਵੇਗਾ। ਕੋਵਿਡ-19 ਸਬੰਧੀ ਅਹਿਮ ਮਾਮਲਿਆਂ ’ਤੇ ਫ਼ੈਸਲੇ ਲੈਣ ਲਈ ਅਧਿਕਾਰਤ ਸੰਸਥਾ ‘ਨੈਸ਼ਨਲ ਕਮਾਂਡ ਐਂਡ ਕੰਟਰੋਲ ਸੈਂਟਰ’ ਨੇ ਮੰਗਲਵਾਰ ਨੂੰ ਇਸ ਮਹੀਨੇ ਦੇ ਅਖ਼ੀਰ ਤੱਕ ਵਿਦਿਅਕ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਸੀ।
ਫ਼ੈਸਲੇ ਮੁਤਾਬਕ ਸਾਰੇ ਹਾਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 15 ਸਤੰਬਰ ਤੋਂ ਖੋਲ੍ਹ ਦਿੱਤੀਆਂ ਗਈਆਂ ਸਨ, ਜਦੋਂਕਿ ਪ੍ਰਾਈਮਰੀ ਸਕੂਲਾਂ ਦੇ ਆਪਣੇ ਵਿਦਿਆਰਥੀਆਂ ਲਈ ਦਰ 30 ਸਤੰਬਰ ਨੂੰ ਖੁੱਲ੍ਹਣਗੇ।