ਕਰਾਚੀ (ਸਮਾਜ ਵੀਕਲੀ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅੱਜ ਤੇਜ਼ ਰਫ਼ਤਾਰ ਬੱਸ ਦੇ ਪਲਟਣ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਹੋਰ ਮੁਸਾਫ਼ਰ ਜ਼ਖ਼ਮੀ ਹੋ ਗਏ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਹਾਦਸਾ ਖੁਜ਼ਦਾਰ ਜ਼ਿਲ੍ਹੇ ਦੇ ਖੋਰੀ ’ਚ ਵਾਪਰਿਆ। ਬਚਾਅ ਕਰਮੀਆਂ ਮੁਤਾਬਕ 15 ਵਿਅਕਤੀ ਥਾਂ ’ਤੇ ਹੀ ਮਾਰੇ ਗਏ। ਜ਼ਖ਼ਮੀਆਂ ਨੂੰ ਖੁਜ਼ਦਾਰ ਦੇ ਟੀਚਿੰਗ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਕੁਝ ਜ਼ਖ਼ਮੀ ਮੁਸਾਫ਼ਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੂਤਰਾਂ ਨੇ ਦੱਸਿਆ ਕਿ ਬੱਸ ਦੀ ਸਪੀਡ ਤੇਜ਼ ਸੀ ਅਤੇ ਡਰਾਈਵਰ ਇਸ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਇਹ ਪਲਟ ਗਈ। ਹਾਦਸੇ ਦਾ ਜਿਵੇਂ ਹੀ ਪਤਾ ਲੱਗਾ ਤਾਂ ਬਚਾਅ ਕਰਮੀ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਦੇ ਖਾਨੇਵਾਲ ’ਚ 31 ਮਈ ਨੂੰ ਵਾਪਰੇ ਹਾਦਸੇ ਕਾਰਨ ਬੱਸ ’ਚ ਸਵਾਰ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 30 ਹੋਰ ਜਣੇ ਜ਼ਖ਼ਮੀ ਹੋ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly