ਨਵੀਂ ਦਿੱਲੀ (ਸਮਾਜ ਵੀਕਲੀ): ਵਿਸ਼ਵ ਦਾ ਸਭ ਤੋਂ ਵੱਧ ਲੋੜੀਂਦਾ ਦਾ ਅਤਿਵਾਦੀ ਮਸੂਦ ਅਜ਼ਹਰ ਪਾਕਿਸਤਾਨ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਰਹਿ ਰਿਹਾ ਹੈ ਤਾਂ ਕਿ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਅਮਰੀਕੀ ਮੁਹਿੰਮ ਵਰਗੀ ਕਾਰਵਾਈ ਉਸ ਖ਼ਿਲਾਫ਼ ਸੰਭਵ ਨਾ ਹੋ ਸਕੇ। ਇਹ ਦਾਅਵਾ ਇੱਕ ਨਵੇਂ ਹਿੰਦੀ ਖ਼ਬਰ ਚੈਨਲ ਵਿੱਚ ਕੀਤਾ ਗਿਆ ਹੈ। ਅਜ਼ਹਰ ਉਤੇ ਭਾਰਤੀ ਸੰਸਦ ’ਤੇ ਸਾਲ 2001 ਵਿੱਚ ਹੋਏ ਹਮਲੇ ਤੋਂ ਲੈ ਕੇ 2019 ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ਆਤਮਘਾਤੀ ਹਮਲੇ ਸਮੇਤ ਕਈ ਅਤਿਵਾਦੀ ਹਮਲਿਆਂ ਦੇ ਦੋਸ਼ ਹਨ।
ਟਾਈਮਜ਼ ਗਰੁੱਪ ਦੇ ਨਵੇਂ ਹਿੰਦੀ ਖ਼ਬਰ ਚੈਨਲ ‘ਟਾਈਮਜ਼ ਨਾਓ ਨਵਭਾਰਤ’ ਮੁਤਾਬਕ, ਉਸ ਕੋਲ ਅਜਿਹੇ ਨਾ ਝੁਠਲਾਉਣਯੋਗ ਵੀਡੀਓ ਫੁਟੇਜ਼ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਾਕਿਸਤਾਨ ਹੁਣ ਵੀ ਮਸੂਦ ਅਜ਼ਹਰ ਵਰਗੇ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹ ਦੇ ਰਿਹਾ ਹੈ। ਮਸੂਦ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਵੀ ਮੁਖੀ ਹੈ। ਚੈਨਲ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਮਸੂਦ ਦੇ ਦੋ ਟਿਕਾਣੇ ਹਨ, ਜਿਨ੍ਹਾਂ ਵਿੱਚੋਂ ਇੱਕ ਘਰ ਉਸਮਾਨ-ਓ-ਅਲੀ ਮਸਜਿਦ ਅਤੇ ਨੈਸ਼ਨਲ ਆਰਥੋਪੈਡਿਕ ਐਂਡ ਜਨਰਲ ਹਸਪਤਾਲ ਦੇ ਬਿਲਕੁਲ ਨਾਲ ਹੈ।
ਬਿਆਨ ਮੁਤਾਬਕ, ਉਸ ਦੇ ਘਰ ਦੇ ਬਾਹਰ ਪਾਕਿਸਤਾਨੀ ਫ਼ੌਜ ਦੇ ਜਵਾਨ ਤਾਇਨਾਤ ਹਨ। ਖ਼ਬਰ ਮੁਤਾਬਕ, ਇਸ ਦਾ ਮਕਸਦ ਸਾਫ਼ ਹੈ-ਉਸ ਦੇ ਘਰ ਕੋਲ ਇੱਕ ਮਸਜਿਦ ਤੇ ਹਸਪਤਾਲ ਹੋਣ ਕਾਰਨ ਓਸਾਮਾ ਬਿਨ ਲਾਦੇਨ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਵਰਗਾ ਅਪਰੇਸ਼ਨ ਸੰਭਵ ਨਹੀਂ ਹੋ ਸਕੇਗਾ, ਜਦਕਿ ਰਿਹਾਇਸ਼ੀ ਇਲਾਕਾ ਮਸੂਦ ਅਤੇ ਉਸ ਦੇ ਸਾਥੀਆਂ ਨੂੰ ਹਮਲੇ ਦੀ ਸਥਿਤੀ ਵਿੱਚ ਤੰਗ ਗਲੀਆਂ ਵਿੱਚੋਂ ਭੱਜਣ ਦਾ ਮੌਕਾ ਮੁਹੱਈਆ ਕਰਵਾਏਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly