ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਵੱਲੋਂ ਭਾਰਤੀ ਜਲਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਨ ਜਾਧਵ ਦੀ ਮੌਤ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਇਕ ਦਿਨ ਮਗਰੋਂ ਭਾਰਤ ਨੇ ਅੱਜ ਕਿਹਾ ਕਿ ਪਾਕਿਸਤਾਨ ਜਾਧਵ ਨੂੰ ਫ਼ੌਰੀ ਰਿਹਾਅ ਕਰੇ। ਸਰਕਾਰ ਨੇ ਕਿਹਾ ਕਿ ਉਹ ਜਾਧਵ ਨੂੰ ਵਾਪਸ ਲਿਆਉਣ ਲਈ ਪ੍ਰਤੀਬੱਧ ਹੈ ਤੇ ਇਸ ਲਈ ਯਤਨ ਲਗਾਤਾਰ ਜਾਰੀ ਰੱਖੇਗੀ। ਉੁਧਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਈਸੀਜੇ ਦਾ ਫ਼ੈਸਲਾ ਜਾਧਵ ਨੂੰ ਸਫ਼ਾਰਤੀ ਰਸਾਈ ਮੁਹੱਈਆ ਕਰਵਾਉਣ ਦੇ ਭਾਰਤੀ ਪੱਖ ਦੀ ਪੁਸ਼ਟੀ ਕਰਦਾ ਹੈ ਤੇ ਪਾਕਿਸਤਾਨ ਨੂੰ ਹਰ ਹਾਲ ਇਹ ਫੈਸਲਾ ਅਮਲ ਵਿੱਚ ਲਿਆਉਣਾ ਹੋਵੇਗਾ। ਕੌਮਾਂਤਰੀ ਨਿਆਂ ਅਦਾਲਤ ਦੇ ਫ਼ੈਸਲੇ ਬਾਬਤ ਸੰਸਦ ਦੇ ਦੋਵਾਂ ਸਦਨਾਂ ਵਿੱਚ ਬਿਆਨ ਦਿੰਦਿਆਂ ਵਿਦੇਸ਼ ਮੰਤਰੀ ਐੈੱਸ.ਜੈਸ਼ੰਕਰ ਨੇ ਕਿਹਾ, ‘ਇਹ ਗੱਲ ਸਾਬਤ ਹੋ ਗਈ ਹੈ ਕਿ ਪਾਕਿਸਤਾਨ ਨੇ ਜਾਧਵ ਨੂੰ ਸਫ਼ਾਰਤੀ ਰਸਾਈ ਮੁਹੱਈਆ ਕਰਵਾਉਣ ਤੋਂ ਹੱਕ ਤੋਂ ਭਾਰਤ ਨੂੰ ਮਹਿਰੂਮ ਰੱਖਿਆ। ਕੁਲਭੂਸ਼ਨ ਜਾਧਵ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਅਣਜਾਣ ਹੈ। ਬਿਨਾਂ ਕਾਨੂੰਨੀ ਸਹਾਇਤਾ ਤੇ ਢੁੱਕਵੇਂ ਅਮਲ ਦੇ ਧੱਕੇ ਨਾਲ ਉਸ ਤੋਂ ਦੋਸ਼ ਕਬੂਲ ਕਰਵਾਏ ਜਾਣ ਨਾਲ ਇਹ ਸੱਚਾਈ ਬਦਲ ਨਹੀਂ ਜਾਏਗੀ।’ ਮੰਤਰੀ ਨੇ ਕਿਹਾ, ‘ਅਸੀਂ ਪਾਕਿਤਸਾਨ ਨੂੰ ਮੁੜ ਸੱਦਾ ਦਿੰਦੇ ਹਾਂ ਕਿ ਉਹ ਜਾਧਵ ਨੂੰ ਰਿਹਾਅ ਕਰਕੇ ਭਾਰਤ ਦੇ ਸਪੁਰਦ ਕਰੇ।’ ਜੈਸ਼ੰਕਰ ਨੇ ਕਿਹਾ, ‘ਸਰਕਾਰ ਜਾਧਵ ਦੀ ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਆਪਣੇ ਯਤਨ ਲਗਾਤਾਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖੇਗੀ।’ ਸਦਨ ਮੌਜੂਦ ਮੈਂਬਰਾਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਵਿਦੇਸ਼ ਮੰਤਰੀ ਦੇ ਇਸ ਬਿਆਨ ਦਾ ਮੇਜ਼ ਥਾਪੜ ਕੇ ਸਵਾਗਤ ਕੀਤਾ। ਵਿਦੇਸ਼ ਮੰਤਰੀ ਨੇ ਪਹਿਲਾਂ ਰਾਜ ਸਭਾ ਤੇ ਮਗਰੋਂ ਲੋਕ ਸਭਾ ਵਿੱਚ ਬਿਆਨ ਦਿੱਤਾ। ਸ੍ਰੀ ਜੈਸ਼ੰਕਰ ਨੇ ਆਈਸੀਜੇ ਵਿੱਚ ਜਾਧਵ ਦੇ ਕੇਸ ਦੀ ਪੈਰਵੀ ਕਰਨ ਵਾਲੇ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਜਾਧਵ ਦੇ ਪਰਿਵਾਰ ਵੱਲੋਂ ਵਿਖਾਈ ਦਲੇਰੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਧਵ ਦੀ ਰਿਹਾਈ ਲਈ ਆਈਸੀਜੇ ਵਿੱਚ ਕਾਨੂੰਨੀ ਰਾਹ ਸਮੇਤ ਕਈ ਅਣਥੱਕ ਯਤਨ ਕੀਤੇ ਹਨ। ਉਨ੍ਹਾਂ ਕਿਹਾ, ‘ਆਈਸੀਜੇ ਵੱਲੋਂ ਲੰਘੇ ਦਿਨ ਸੁਣਾਏ ਫ਼ੈਸਲੇ ਨਾਲ ਨਾ ਸਿਰਫ਼ ਭਾਰਤ ਅਤੇ ਸ੍ਰੀ ਜਾਧਵ ਬਲਕਿ ਕਾਨੂੰਨ ਤੇ ਕੌਮਾਂਤਰੀ ਕਰਾਰਾਂ ਦੀ ਪਵਿੱਤਰਤਾ ਵਿੱਚ ਯਕੀਨ ਰੱਖਣ ਵਾਲਿਆਂ ਦੇ ਸਟੈਂਡ ਦੀ ਪੁਸ਼ਟੀ ਹੋਈ ਹੈ।’ ਇਸ ਦੌਰਾਨ ਆਈਸੀਜੇ ਵਿੱਚ ਭਾਰਤ ਵੱਲੋਂ ਜਾਧਵ ਦੀ ਪੈਰਵੀ ਕਰਨ ਵਾਲੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਦਾ ਵਤੀਰਾ ਨਿਗਰਾਨੀ ਹੇਠ ਹੈ ਤੇ ਆਈਸੀਜੇ ਦੇ ਫੈਸਲੇ ਨੂੰ ਅਮਲ ਵਿੱਚ ਨਾ ਲਿਆਉਣ ਦੇ ਕਿਸੇ ਵੀ ‘ਹਾਸੋਹੀਣੇ ਯਤਨ’ ਦਾ ਮਤਲਬ ਆਲਮੀ ਅਦਾਲਤ ਜਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲ ਮੁੜ ਰਸਾਈ ਕਰਨਾ ਹੋਵੇਗਾ।
HOME ਪਾਕਿਸਤਾਨ ਜਾਧਵ ਨੂੰ ਫੌਰੀ ਰਿਹਾਅ ਕਰੇ: ਜੈਸ਼ੰਕਰ