ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਡੇਵਿਸ ਕੱਪ ਟੈਨਿਸ ਮੁਕਾਬਲੇ ਲਈ ਵੀਰਵਾਰ ਨੂੰ ਅੱਠ ਮੈਂਬਰੀ ਟੀਮ ਚੁਣੀ ਜਿਸ ਵਿਚ ਉਸ ਨੇ ਉਨ੍ਹਾਂ ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਜੋ ਸਿਖ਼ਰਲੇ ਦਰਜੇ ਦੇ ਖਿਡਾਰੀਆਂ ਦੇ ਇਨਕਾਰ ਕਰਨ ਤੋਂ ਬਾਅਦ ਇਸਲਾਮਾਬਾਦ ਜਾਣ ਲਈ ਰਾਜ਼ੀ ਹੋ ਗਏ ਸਨ। ਤਜਰਬੇਕਾਰ ਸਟਾਰ ਖਿਡਾਰੀ ਲਿਏਂਡਰ ਪੇਸ ਦੀ ਇਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਭਾਰਤੀ ਟੀਮ ’ਚ ਵਾਪਸੀ ਹੋਈ ਹੈ।
ਟੀਮ ਵਿੱਚ ਸਿਖ਼ਰਲੇ ਦਰਜੇ ਦੇ ਖਿਡਾਰੀਆਂ ਸੁਮਿਤ ਨਾਗਲ, ਰਾਮ ਕੁਮਾਰ ਰਾਮਨਾਥਨ, ਸ਼ਸ਼ੀ ਕੁਮਾਰ ਮੁਕੁੰਦ ਅਤੇ ਰੋਹਨ ਬੋਪੰਨਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਨੇ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਜਾਣ ਬਾਰੇ ਸ਼ੱਕ ਜ਼ਾਹਿਰ ਕੀਤਾ ਸੀ। ਆਲ ਇੰਡੀਆ ਟੈਨਿਸ ਐਸੋਸੀਏਸ਼ਨ ਵੱਲੋਂ ਇੱਥੇ ਐਲਾਨੀ ਗਈ ਟੀਮ ਵਿੱਚ ਜੀਵਨ ਨੇਦੁਨਚੇਝਿਆਨ, ਸਾਕੇਤ ਮਾਈਨੈਨੀ ਅਤੇ ਸਿਧਾਰਥ ਰਾਵਤ ਨੂੰ ਵੀ ਜਗ੍ਹਾ ਦਿੱਤੀ ਗਈ ਹੈ।
ਏਆਈਟੀਏ ਆਮ ਤੌਰ ’ਤੇ ਪੰਜ ਮੈਂਬਰੀ ਟੀਮ ਚੁਣਦਾ ਹੈ ਅਤੇ ਇਕ ਜਾਂ ਦੋ ਰਿਜ਼ਰਵ ਖਿਡਾਰੀਆਂ ਨੂੰ ਸ਼ਾਮਲ ਕਰਦਾ ਹੈ। ਕੌਮਾਂਤਰੀ ਟੈਨਿਸ ਫੈਡਰੇਸ਼ਨ 29 ਤੇ 30 ਨਵੰਬਰ ਨੂੰ ਹੋਣ ਵਾਲਾ ਮੁਕਾਬਲਾ ਇਸਲਾਮਾਬਾਦ ਤੋਂ ਬਾਹਰ ਤਬਦੀਲ ਕਰਨ ਦੇ ਮਾਮਲੇ ’ਚ ਹੁਣ ਵੀ ਪਾਕਿਸਤਾਨ ਟੈਨਿਸ ਫੈਡਰੇਸ਼ਨ ਦੀ ਅਪੀਲ ’ਤੇ ਵਿਚਾਰ ਕਰ ਰਿਹਾ ਹੈ ਪਰ ਏਆਈਟੀਏ ਨੇ ਟੀਮ ਚੁਨਣ ਦਾ ਫ਼ੈਸਲਾ ਕੀਤਾ। ਸਿਖ਼ਰਲਾ ਦਰਜਾ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਦੀ ਗੈਰ-ਮੌਜੂਦਗੀ ’ਚ ਸਿੰਗਲਜ਼ ਵਰਗ ’ਚ ਭਾਰਤੀ ਚੁਣੌਤੀ ਦੀ ਅਗਵਾਈ ਫਾਰਮ ’ਚ ਚੱਲ ਰਹੇ ਨਾਗਲ (127ਵੀਂ ਰੈਂਕਿੰਗ) ਤੇ ਰਾਮ ਕੁਮਾਰ (267ਵੀਂ ਰੈਂਕਿੰਗ) ਕਰਨਗੇ। ਮੁਕੁੰਦ (250) ਅਤੇ ਮਾਈਨੈਨੀ (267) ਬੈਕਅਪ ਸਿੰਗਲਜ਼ ਖਿਡਾਰੀ ਹੋਣਗੇ। ਟੀਮ ’ਚ ਪਹਿਲੀ ਵਾਰ ਬੋਪੰਨਾ, ਪੇਸ ਤੇ ਨੇਦੁਨਚੇਝਿਆਨ ਵਜੋਂ ਤਿੰਨ ਡਬਲਜ਼ ਮਾਹਿਰ ਹੋਣਗੇ। ਖੱਬੇ ਹੱਥ ਦੇ ਖਿਡਾਰੀ ਨੇਦੁਨਚੇਝਿਆਨ ਨੂੰ ਪਿਛਲੇ ਦੋ ਸਾਲ ’ਚ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਪਾਕਿਸਤਾਨ ਖ਼ਿਲਾਫ਼ ਜਦੋਂ ਮੁਕਾਬਲਾ 14 ਤੇ 15 ਸਤੰਬਰ ਨੂੰ ਹੋਣਾ ਸੀ ਤਾਂ ਉਸ ਲਈ ਚੁਣੀ ਗਈ ਪੰਜ ਮੈਂਬਰੀ ਟੀਮ ’ਚ ਨਾਗਲ ਸ਼ਾਮਲ ਨਹੀਂ ਸਨ। ਨਾਗਲ ਨੇ ਉਸ ਸਮੇਂ ਸੱਟ ਕਾਰਨ ਹਟਣ ਦਾ ਫ਼ੈਸਲਾ ਲਿਆ ਸੀ। ਦਿਵਿਜ ਸ਼ਰਨ ਤੇ ਪ੍ਰਜਨੇਸ਼ ਨੂੰ ਉਸ ਟੀਮ ’ਚ ਜਗ੍ਹਾ ਮਿਲੀ ਸੀ ਪਰ ਇਸਲਾਮਾਬਾਦ ’ਚ ਸੁਰੱਖਿਆ ਕਾਰਨਾਂ ਕਰ ਕੇ ਇਸ ਮੁਕਾਬਲੇ ’ਚ ਦੇਰੀ ਤੋਂ ਬਾਅਦ ਇਹ ਦੋਵੇਂ ਹੁਣ ਨਿੱਜੀ ਕਾਰਨਾਂ ਕਰ ਕੇ ਉਪਲਬਧ ਨਹੀਂ ਹਨ। ਸ਼ਰਨ 23 ਨਵੰਬਰ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਤੋਂ ਬਾਅਦ ਦੋ ਹਫ਼ਤਿਆਂ ਦਾ ਬਰੇਕ ਲੈ ਰਿਹਾ ਹੈ ਜਦੋਂਕਿ ਪ੍ਰਜਨੇਸ਼ ਇਸ ਮੁਕਾਬਲੇ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ 28 ਨਵੰਬਰ ਨੂੰ ਵਿਆਹ ਕਰ ਰਿਹਾ ਹੈ। ਪਾਕਿਸਤਾਨ ਜਾਣ ਵਾਸਤੇ ਉਪਲਬਧ ਰਹੇ ਪੇਸ ਨੇ ਅਪਰੈਲ 2018 ’ਚ ਚੀਨ ਖ਼ਿਲਾਫ਼ ਮੁਕਾਬਲੇ ਦੌਰਾਨ ਇਤਿਹਾਸ ਸਿਰਜਣ ਵਾਲਾ ਡਬਲਜ਼ ਮੈਚ ਜਿੱਤਿਆ ਸੀ ਜਿਸ ਦੇ ਬਾਅਦ ਤੋਂ ਏਆਈਟੀਏ ਨੇ ਚੋਣ ਲਈ ਉਸ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ।
ਪੇਸ ਉਸ ਸਮੇਂ ਡੇਵਿਸ ਕੱਪ ਦੇ ਇਤਿਹਾਸ ਦਾ ਸਭ ਤੋਂ ਸਫ਼ਲ ਡਬਲਜ਼ ਖਿਡਾਰੀ ਬਣ ਗਿਆ ਜਦੋਂ ਉਸ ਨੇ ਤੇ ਬੋਪੰਨਾ ਨੇ ਜ਼ੀ ਚੈਂਗ ਤੇ ਮਾਓ ਸ਼ਿਨ ਗੌਂਗ ਦੀ ਚੀਨੀ ਜੋੜੀ ਨੂੰ ਹਰਾਇਆ ਸੀ। ਪੇਸ ਦੀ ਇਹ 43ਵੀਂ ਡਬਲਜ਼ ਜਿੱਤ ਸੀ ਅਤੇ ਉਸ ਨੇ ਇਟਲੀ ਦੇ ਨਿਕੋਲਾ ਪਿਏਤਰਾਂਗੇਲੀ (42 ਜਿੱਤਾਂ) ਨੂੰ ਪਿੱਛੇ ਛੱਡਿਆ। ਮੀਟਿੰਗ ’ਚ ਨਵੇਂ ਗੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ, ਬਲਰਾਮ ਸਿੰਘ, ਕੋਚ ਜ਼ੀਸ਼ਾਨ ਅਲੀ, ਅੰਕਿਤਾ ਭਾਂਬੀ ਨੇ ਹਿੱਸਾ ਲਿਆ।
Sports ਪਾਕਿਸਤਾਨ ਖ਼ਿਲਾਫ਼ ਡੇਵਿਸ ਕੱਪ ਲਈ ਅੱਠ ਮੈਂਬਰੀ ਟੀਮ ਚੁਣੀ