ਪਹਿਲਵਾਨ ਦੀਆਂ 250 ਕਰੋੜ ਦੀਆਂ ਜਾਇਦਾਦਾਂ ਜ਼ਬਤ

ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਮੰਡੀ ਬੋਰਡ ਅਤੇ ਗਮਾਡਾ ਦੇ ਸਾਬਕਾ ਚੀਫ ਇੰਜਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਦੀਆਂ 59 ਜਾਇਦਾਦਾਂ ਅਟੈਚ ਕੀਤੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਅਦਾਲਤ ਦੇ ਹੁਕਮਾਂ ’ਤੇ ਪਹਿਲਵਾਨ ਦੀਆਂ ਉਕਤ ਸਾਰੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਇਨ੍ਹਾਂ ਜਾਇਦਾਦਾਂ ਦੀ ਮਾਰਕੀਟ ਕੀਮਤ ਕਰੀਬ 250 ਕਰੋੜ ਰੁਪਏ ਬਣਦੀ ਹੈ। ਸੁਰਿੰਦਰਪਾਲ ਪਹਿਲਵਾਨ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ 2017 ਵਿੱਚ ਤਿੰਨ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚੱਲ ਰਹੀ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ।

ਪੰਜਾਬ ਵਿਜੀਲੈਂਸ ਬਿਊਰੋ ਮੁਖੀ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਸੁਰਿੰਦਰਪਾਲ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਂ ’ਤੇ ਮੈਸਰਜ਼ ਅਕਸੈਸ ਐਗਰੋ ਸੀਡਸ ਪ੍ਰਾਈਵੇਟ ਲਿਮਟਿਡ, ਮੈਸਰਜ਼ ਐਵਾਰਡ ਐਗਰੋ ਸੀਡਸ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਅਸਟਰ ਐਗਰੋ ਟ੍ਰੇਡਰਜ਼ ਪ੍ਰਾਈਵੇਟ ਲਿਮਟਿਡ ਨਾਮੀ ਤਿੰਨ ਫ਼ਰਜ਼ੀ ਕੰਪਨੀਆਂ ਰਜਿਸਟਰ ਕੀਤੀਆਂ ਹੋਈਆਂ ਸਨ ਅਤੇ ਬੈਂਕ ਰਾਹੀਂ 4,19,44,37,161 ਰੁਪਏ ਦਾ ਲੈਣ-ਦੇਣ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ ਇਹ ਫ਼ਰਜ਼ੀ ਕੰਪਨੀਆਂ ਰਿਸ਼ਵਤ ਦੇ ਪੈਸੇ ਨੂੰ ਜਜ਼ਬ ਕਰਨ ਲਈ ਬਣਾਈਆਂ ਗਈਆਂ ਸਨ। ਮੁਲਜ਼ਮ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਗਮਾਡਾ ਵਿੱਚ ਆਪਣੇ ਸੇਵਾਕਾਲ ਦੌਰਾਨ ਏਕ ਓਂਕਾਰ ਬਿਲਡਰਜ਼ ਅਤੇ ਕੰਸਟਰੱਕਸ਼ਨ ਨਾਂ ਦੀ ਫ਼ਰਜ਼ੀ ਕੰਪਨੀ ਬਣਾਈ ਸੀ, ਜਿਸ ਵਿੱਚ ਉਸ ਨੇ ਗੈਰਕਾਨੂੰਨੀ ਢੰਗ ਨਾਲ ਟੈਂਡਰ ਜਾਰੀ ਕਰਕੇ 4,19,44,37,161 ਰੁਪਏ ਦੀ ਘਪਲੇਬਾਜ਼ੀ ਕੀਤੀ। ਵਿਜੀਲੈਂਸ ਮੁਖੀ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਇਨ੍ਹਾਂ ਕੰਪਨੀਆਂ ਵਿੱਚ ਸੇਲ ਸੀਡਜ਼ ਦਾ ਜਾਅਲੀ ਕਾਰੋਬਾਰ ਦਿਖਾਇਆ ਹੈ ਜਦਕਿ ਅਸਲ ਵਿੱਚ ਅਜਿਹਾ ਕੋਈ ਕਾਰੋਬਾਰ ਨਹੀਂ ਸੀ।

Previous articleFive-week UK Parliament shutdown begins
Next articleਪ੍ਰਕਾਸ਼ ਪੁਰਬ ’ਤੇ ਸਿਆਸਤ ਨਾ ਕੀਤੀ ਜਾਵੇ: ਕੈਪਟਨ