ਪਹਾੜਾਂ ’ਤੇ ਬਰਫ਼ ਤੇ ਮੈਦਾਨਾਂ ’ਚ ਮੀਂਹ ਦੀ ਪੇਸ਼ੀਨਗੋਈ

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ’ਚ ਕਈ ਹਫ਼ਤਿਆਂ ਤੋਂ ਪੈ ਰਹੀ ਕੜਾਕੇ ਦੀ ਠੰਢ ਦਾ ਦੌਰ ਜਾਰੀ ਹੈ। ਨਾਰਨੌਲ ਅੱਜ ਦੋਵਾਂ ਸੂਬਿਆਂ ਵਿਚ ਸਭ ਤੋਂ ਠੰਢਾ ਰਿਹਾ ਤੇ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਆਮ ਨਾਲੋਂ ਤਿੰਨ ਡਿਗਰੀ ਘੱਟ ਰਿਹਾ। ਹਿਮਾਚਲ ਪ੍ਰਦੇਸ਼ ਦੇ ਮਨਾਲੀ, ਕੁਫ਼ਰੀ, ਡਲਹੌਜ਼ੀ ਸਣੇ ਕਈ ਹੋਰ ਥਾਵਾਂ ਦਾ ਤਾਪਮਾਨ ਸਿਫ਼ਰ ਨਾਲੋਂ ਹੇਠਾਂ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ 31 ਦਸੰਬਰ ਤੋਂ 4 ਜਨਵਰੀ ਤੱਕ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਵੀ ਜਤਾਈ ਗਈ ਹੈ। ਉੱਚੇ ਪਹਾੜੀ ਇਲਾਕਿਆਂ ਲਾਹੌਲ-ਸਪਿਤੀ ਤੇ ਕਿਨੌਰ ਜ਼ਿਲ੍ਹਿਆਂ ਵਿਚ ਭਲਕੇ ਬਰਫ਼ਬਾਰੀ ਹੋ ਸਕਦੀ ਹੈ, ਜਦਕਿ ਸ਼ਿਮਲਾ, ਕੁਫ਼ਰੀ ਤੇ ਮਨਾਲੀ ਵਿਚ ਦੋ ਅਤੇ ਤਿੰਨ ਜਨਵਰੀ ਨੂੰ ਬਰਫ਼ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹੋਰ ਥਾਵਾਂ ਤੋਂ ਵੱਡੀ ਗਿਣਤੀ ਸੈਲਾਨੀ ਸ਼ਿਮਲਾ, ਮਨਾਲੀ, ਡਲਹੌਜ਼ੀ, ਕੁਫ਼ਰੀ ਤੇ ਭਗਸੂਨਾਗ ਪਹੁੰਚ ਗਏ ਹਨ। ਸ਼ਿਮਲਾ ਦੇ ਰਿੱਜ ਮੈਦਾਨ ’ਤੇ ਨਵੇਂ ਸਾਲ 2020 ਦਾ ਸਵਾਗਤ ਕਰਨ ਲਈ ਵੀ ਸੈਲਾਨੀ ਇਕੱਠੇ ਹੋਏ। ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਦੇ ਕਈ ਸ਼ਹਿਰਾਂ ਵਿਚ ਅੱਜ ਵੀ ਹੱਡ ਚੀਰਵੀਂ ਠੰਢ ਪਈ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 3.4 ਡਿਗਰੀ, ਲੁਧਿਆਣਾ ਦਾ 4.1 ਤੇ ਪਟਿਆਲਾ ਦਾ 4.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 3.5 ਡਿਗਰੀ, ਆਦਮਪੁਰ ਦਾ 3.6, ਬਠਿੰਡਾ ਦਾ 4.2 ਡਿਗਰੀ ਤੇ ਹਲਵਾਰਾ ਦਾ 4.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਹਰਿਆਣਾ ਦੇ ਹਿਸਾਰ ਦਾ ਘੱਟੋ-ਘੱਟ ਤਾਪਮਾਨ 4.5 ਡਿਗਰੀ, ਅੰਬਾਲਾ ਦਾ 4.6, ਰੋਹਤਕ ਦਾ 4.8 ਡਿਗਰੀ, ਸਿਰਸਾ ਦਾ 4.9 ਤੇ ਕਰਨਾਲ ਦਾ ਪੰਜ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਟਿਆਲਾ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਕਈ ਥਾਈਂ ਸੰਘਣੀ ਧੁੰਦ ਵੀ ਪਈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਅੱਜ 1.2 ਡਿਗਰੀ, ਕੁਫ਼ਰੀ ਦਾ ਮਨਫ਼ੀ 1.8 ਡਿਗਰੀ, ਮਨਾਲੀ ਦਾ ਵੀ ਸਿਫ਼ਰ ਤੋਂ ਹੇਠਾਂ, ਸੋਲਨ ਦਾ 0.6 ਅਤੇ ਡਲਹੌਜ਼ੀ ਦਾ 0.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।

Previous articleBritain introduces heterosexual civil partnerships
Next articleTrain derails in Canada, 13 people on board