(ਸਮਾਜ ਵੀਕਲੀ)
ਸਵੇਰੇ-ਸਵੇਰੇ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਨਿਹਾਲ ਸਿੰਘ ਉਰਫ ਅੱਡੀ ਚੱਕ ਫੇਸਬੁਕ ਤੇ ਕਿਸੇ ਨਾਮਵਰ ਲੇਖਕ ਦੀ ਕਹਾਣੀ “ਧੂਆਂ ਪ੍ਰਦੂਸ਼ਨ“ ਪੜ੍ਹ ਰਿਹਾ ਸੀ। ਕਹਾਣੀ ਦਾ ਮੰਤਵ ਧੂੰਏ ਦੇ ਵਧ ਰਹੇ ਪ੍ਰਦੂਸ਼ਨ ਤੋਂ ਲੋਕਾਂ ਨੂੰ ਸੁਚੇਤ ਕਰਨਾ ਸੀ। ਕਹਾਣੀ ਵਿੱਚ ਧੂੰਏ ਨਾਲ ਕੈਂਸਰ ਵਰਗੀਆਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੇ ਕਿਸਾਨਾਂ ਦੁਆਰਾ ਪਰਾਲੀ ਸਾੜਨ ਤੇ ਚਿੰਤਾ ਆਦਿ ਪ੍ਰਗਟ ਕੀਤੀ ਗਈ ਸੀ। ਉਜੋਨ ਪਰਤ ਵਿੱਚ ਧੂੰਏ ਕਾਰਨ ਵਧਦੇ ਸੁਰਾਖ ਤੇ ਕਾਫੀ ਗਹਿਰਾਈ ਨਾਲ ਲਿਖਿਆ ਸੀ।
ਕਹਾਣੀ ਤੋਂ ਨਿਹਾਲ ਸਿੰਘ ਕਾਫੀ ਪ੍ਰਭਾਵਿਤ ਹੋਇਆ। ਲੇਖਕ ਦੀ ਹੌਂਸਲਾ-ਅਫ਼ਜਾਈ ਤੇ ਕਹਾਣੀ ਦੀ ਤਾਰੀਫ ਲਈ ਪੋਸਟ ਦੇ ਟਿੱਪਣੀ ਡੱਬੇ ਤੇ ਆਪਣੇ ਵਿਚਾਰ ਲਿਖਣ ਲੱਗਿਆ, ਬਹੁਤ ਖੂਬਸੂਰਤ ਕਹਾਣੀ ਹੈ ਜੀ, ਅਜੋਕੇ ਸਮੇਂ ਦੀ ਤਰਾਸਦੀ ਅੱਜ ਸਾਡੇ ਸਮਾਜ ਲਈ ਅਜਿਹੀਆਂ ਸੇਧਿਤ ਕਹਾਣੀਆਂ ਦੀ ਜਰੂਰਤ ਹੈ।
ਲੇਖਕ ਵਧਾਈ ਦਾ ਪਾਤਰ ਹੈ, ਜੋ ਆਪਣੀ ਖੂਬਸੂਰਤ ਕਲਮ ਨਾਲ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਅਤੇ ਸਮਾਜ ਪ੍ਰਤੀ ਚਿੰਤਨਸ਼ੀਲ ਹੈ ਆਦਿ ਲਿਖ ਰਿਹਾ ਸੀ ਏਨੇ ਨੂੰ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰ ਸਿੰਘ ਉਰਫ ਅਗੜੀ ਦਾ ਫੂਨ ਆ ਗਿਆ ‘ਹੈਲੋ ਸਤਿ ਸ੍ਰੀ ਅਕਾਲ ਨਿਹਾਲ ਸਿਆਂ… ਆਪਣੀ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਸਰਕਾਰ ਪਰਾਲੀ ਨੂੰ ਅੱਗ ਨਾ ਲਾਉਣ ਲਈ ਕੋਈ ਮਦਦ ਨਹੀ ਕਰ ਰਹੀ।
ਇਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਸਾੜਨ ਆਪਣੇ ਪਿੰਡ ਵਿੱਚ ਅਵਾਜ਼ ਦੇ ਕੇ ਸਾਰੇ ਕਿਸਾਨਾਂ ਨੂੰ ਯੂਨੀਅਨ ਦਾ ਫੈਸਲਾ ਦੱਸ ਦੇ ਕੇ ਜਥੇਬੰਦੀ ਆਪਣੀ ਅਗਵਾਈ ਕਰਕੇ ਕਿਸਾਨ ਭਰਾਵਾਂ ਦਾ ਸਾਥ ਦੇਵੇਗੀ ਅਤੇ ਲੋੜ ਪੈਣ ਤੇ ਜਿਲ੍ਹਾ ਪੱਧਰ ਤੇ ਸਪੰਰਕ ਕਰ ਲਿਆ ਜਾਵੇਗਾ। ਏਨੀ ਗੱਲ ਸੁਣ ਕਿ ਨਿਹਾਲ ਸਿੰਘ ਨੇ ਕਹਾਣੀ ਵਾਲੀ ਲੇਖਕ ਦੀ ਗਲ ਕੀਤੀ ਕਿ, ‘ਪ੍ਰਧਾਨ ਸਾਹਿਬ ਮੈਂ ਆਰ ਕੇ ਕੰਡੇ ਦੀ ਕਹਾਣੀ “ਧੂਆਂ ਪ੍ਰਦੂਸ਼ਨ“ ਪੜ੍ਹ ਰਿਹਾ ਸੀ ਕੇ ਲੇਖਕ ਨੇ ਧੂੰਏ ਪ੍ਰਦੂਸ਼ਨ ਬਾਰੇ ਕਾਫੀ ਚਿੰਤਾ ਪ੍ਰਗਟਾਈ ਹੈ। ਨਿਹਾਲ ਸਿੰਘ ਜੀ ਉਸ ਚਿੰਤਨਸ਼ੀਲ ਦੇ ਤਾਂ ਆਪਣੇ ਦੋ ਭਠੇ ਚਲਦੇ ਹਨ।
ਨਿਹਾਲ ਸਿੰਘ ਸੋਚਾ ਵਿੱਚ ਪੈ ਗਿਆ ਤੇ ਗੱਲਬਾਤ ਕਰਕੇ ਫੂਨ ਕੱਟਿਆ ਤਾਂ ਲਿਖੀ ਹੋਈ ਟਿੱਪਣੀ ਸਾਹਮਣੇ ਆ ਗਈ ਤੇ ਆਪਣੀ ਹੀ ਲਿਖੀ ਟਿੱਪਣੀ ਕੱਟ ਕੇ ਲਿਖਣ ਲੱਗਾ, ‘ਲੇਖਕ ਜੀ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੋਰੋ, ਫੇਰ ਲੋਕਾਂ ਨੂੰ ਸੁਚੇਤ ਕਰਿਓ…ਸਰਕਾਰ ਦਿਆ ਚਮਚਿਆ ਤੈਨੂੰ ਨਿੱਤ ਦਿਨ ਭੱਠਿਆ ਦਾ ਧੁੰਆਂ ਨਜ਼ਰ ਨਹੀਂ ਆਉਂਦਾ, ਤੈਨੂੰ ਇਹ ਪਤਾ ਸਆਨਤ ਖੇਤਰ ਸਭ ਤੋਂ ਵੱਧ ਧੂੰਆਂ ਪੈਂਦਾ ਕਰਦਾ ਐ? ਦੂਜੇ ਨੰਬਰ ਤੇ ਆਵਾਜਾਈ ਦੇ ਸਾਧਨ ਧੂੰਆਂ ਛੱਡਦੇ ਐ। ਖੇਤੀ ਤਾਂ ਸਿਰਫ਼ 8 ਪ੍ਰਤੀਸ਼ਤ ਧੂੰਆਂ ਹੀ ਪੈਦਾ ਕਰਦਾ ਐ? ਇਹ ਲਿਖ ਕੇ ਨਿਹਾਲ ਸਿੰਘ ਅੱਡੀ ਚੱਕ ਪਿੰਡ ਦੀ ਸੱਥ ਵਿੱਚ ਜਾ ਕੇ ਕਿਸਾਨਾਂ ਨੂੰ ਯੂਨੀਅਨ ਦਾ ਫੈਸਲਾ ਦੱਸਣ ਲੱਗ ਪਿਆ।
ਹਰਦੇਵ ਹਮਦਰਦ
ਪਿੰਡ ਰਾਮਗੜ੍ਹ ਚੂੰਘਾਂ (ਸ੍ਰੀ ਮੁਕਤਸਰ ਸਾਹਿਬ)
ਮੋਬਾਈਲ : 6283893601
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly