….ਪਰ ਮੇਰੇ ਮੱਥੇ ‘ਚ ਅਕਲ ਦਾ ਤਾਨਾਸ਼ਾਹ

ਗੁਲਾਫਸਾ ਬੇਗਮ

(ਸਮਾਜ ਵੀਕਲੀ)

ਦੁਨੀਆਂ ਉੱਤੇ ਜਿੰਨਾ ਜੰਗ-ਯੁੱਧ ਪੱਖਪਾਤ ਹੁੰਦਾ  ਹੈ, ਸਭ ਸਾਡੀ ਸੋਚ ਦੀ ਤਾਨਾਸ਼ਾਹੀ ਕਰਕੇ ਹੀ ਹੁੰਦਾ ਹੈ, ਇਸ ਕਰਕੇ ਜ਼ਰੂਰਤ ਹੈ ਇਸ ਤਾਨਾਸ਼ਾਹੀ ਨੂੰ ਸਮਝਣ ਦੀ ਇਸ ਤੋਂ ਛੁਟਕਾਰਾ ਪਾਉਣ ਦੇ ਰਾਹ ਲੱਭਣ ਦੀ। ਵੱਖ-ਵੱਖ ਵਿਚਾਰਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਹਿੱਤ ਦੂਜਿਆਂ ਦੇ  ਸੋਚਣ ਨੂੰ ਓਨੀ ਹੀ ਮਾਨਤਾ ਦੇਣੀ ਚਾਹੀਦੀ ਹੈ। ਜਿੰਨੀ ਆਪਣੇ ਸੋਚਣ ਨੂੰ ਦਿੰਦੇ ਹਾਂ  ਅੱਜ ਦੇ ਸਮੇਂ ਵਿੱਚ ਸਾਡੇ ਲਈ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਵੀ ਸੋਚ ਦੀ ਤਾਨਾਸ਼ਾਹੀ ਤੋਂ ਕਿਸੇ ਤਰੀਕੇ ਛੁਟਕਾਰਾ ਨਹੀਂ ਪਾਉਂਦੇ ਜਿਸ ਕਾਰਨ ਅਸੀਂ  ਆਧੁਨਿਕ ਹੋਣ ਦਾ ਦਾਅਵਾ ਤਾਂ ਜ਼ਰੂਰ ਕਰਦੇ ਹਾਂ ਪ੍ਰੰਤੂ ਅਸੀਂ ਬਹੁਤੇ ਖੇਤਰਾਂ ਵਿੱਚ ਪਛੜੇ ਹੋਏ ਹਾਂ। ਸਿਰਫ਼ ਇਸ ਸੋਚ ਦੀ ਤਾਨਾਸ਼ਾਹੀ ਕਰਕੇ।  ਇਹ ਤਾਨਾਸ਼ਾਹੀ ਸੋਚ ਹੀ ਸਾਡੇ ਪਰਿਵਾਰ ਵਿੱਚ ਝਗੜਿਆਂ ਦਾ ਕਾਰਨ ਬਣਦੀ ਹੈ। ਇਹ ਤਾਨਾਸ਼ਾਹੀ ਸੋਚ ਹੀ ਸਰਹੱਦਾਂ ਉੱਤੇ ਜੰਗਾਂ-ਯੁੱਧਾਂ ਦਾ ਕਾਰਨ ਬਣਦੀ ਹੈ।

ਅੱਜ ਦੇ ਸਮੇਂ ਵਿੱਚ ਭਾਵੇਂ ਦੁਨੀਆਂ ਦੇ ਅਧਿਕਤਰ ਦੇਸ਼ ਲੋਕਤੰਤਰੀ ਹੋ ਚੁੱਕੇ ਹਨ ਪ੍ਰੰਤੂ ਹਾਲੇ ਵੀ ਕੁਝ ਕੁ ਦੇਸ਼ਾਂ ਵਿੱਚ ਡਿਕਟੇਟਰਸ਼ਿਪ ਭਾਵ ਤਾਨਾਸ਼ਾਹੀ ਰਾਜ ਕਾਇਮ ਹੈ। ਜਿਵੇਂ ਕਿ ਨੌਰਥ, ਕੋਰੀਆ, ਸੀਰੀਆ ਤੇ ਹੋਰ ਵੀ ਦੇਸ਼ ਸ਼ਾਮਿਲ ਹਨ। ਜ਼ਰਾ ਸੋਚੋ ਕਿ ਇਹ ਤਾਨਾਸ਼ਾਹੀ ਸਰਫਰਾਜ਼ ਤੱਕ ਹੀ ਸੀਮਿਤ ਹੈ? ਬਿਲਕੁਲ ਅਜਿਹਾ ਨਹੀਂ ਹੈ। ਤਾਨਾਸ਼ਾਹੀ ਸਾਡੇ ਜੀਵਨ ਦੇ ਹੋਰ ਵੀ ਬਹੁਤ ਸਾਰੇ ਖੇਤਰਾਂ ਵਿਚ ਪ੍ਰਭਾਵ ਪਾਉਂਦੀ ਹੈ। ਇੱਕ ਮਨੁੱਖ ਆਪਣੇ ਮਨ ਸੁਭਾਅ ਪੱਖੋਂ ਤਾਨਾਸ਼ਾਹੀ ਹੁੰਦਾ ਹੈ ਜੋ ਕਿ ਆਪਣੇ ਫ਼ੈਸਲਿਆਂ ਨੂੰ ਦੂਜਿਆਂ ਉੱਤੇ ਹਮੇਸ਼ਾਂ ਹੀ ਥੋਪਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਅਜਿਹਾ ਕਿਉਂ ਹੁੰਦਾ ਹੈ? ਸਭ ਤੋਂ ਪਹਿਲਾਂ ਪ੍ਰਸ਼ਨ ਇਹੀ ਮਨ ਦੇ ਵਿਚ ਆਉਂਦਾ ਹੈ। ਸਾਡੀ ਸਕੂਲਿੰਗ, ਸਾਡਾ ਵਾਤਾਵਰਨ ਸਾਰਾ ਕੁਝ  ਸਾਨੂੰ ਅਜਿਹੇ ਸਾਂਚੇ ਵਿੱਚ ਢਾਲ ਦਿੰਦਾ ਹੈ, ਅਸੀਂ ਸੋਚ ਦੇ ਤਾਨਾਸ਼ਾਹ ਬਣ ਕੇ ਉਸ ਦੇ ਗੁਲਾਮ ਹੀ ਬਣ ਕੇ  ਰਹਿ ਜਾਂਦੇ ਹਾਂ।
ਮਨੁੱਖੀ ਮਨ ਸਦਾ ਤੋਂ ਹੀ ਤਾਨਾਸ਼ਾਹ ਰਿਹਾ ਹੈ। ਧਾਰਮਿਕ ਕੱਟੜਤਾ, ਜੰਗ-ਯੁੱਧ ਦੂਸਰੇ ਦੀ ਵਿਚਾਰਧਾਰਾ ਨੂੰ ਸਵੀਕਾਰ ਨਾ ਕਰਨਾ ਇਹ ਸਭ ਮਨੁੱਖੀ ਸੋਚ ਦੇ ਤਾਨਾਸ਼ਾਹੀ ਹੋਣ ਦੇ ਹੀ ਸਿੱਟੇ ਹਨ। ਵਿਅਕਤੀਗਤ  ਭਿੰਨਤਾ ਮਨੁੱਖੀ ਵਿੱਚ ਪਾਇਆ ਜਾਣ ਵਾਲਾ ਇੱਕ ਕੁਦਰਤੀ ਗੁਣ ਹੈ। ਦੁਨੀਆਂ ਤੇ ਜਿੰਨੇ ਲੋਕ ਹਨ ਉਨੇ ਹੀ ਉਨ੍ਹਾਂ ਦੇ ਆਪਣੇ ਆਪਣੇ ਸੰਸਾਰ ਬਣਾਏ ਹੋਏ ਹਨ ਤੇ ਕਿਸੇ ਦਾ ਵੀ ਸੰਸਾਰ ਦੂਜੇ ਨਾਲ ਨਹੀਂ ਮਿਲਦਾ। ਹਾਂ ਕੁਝ ਕੁ ਹਾਲਾਤਾਂ ਵਿਚ ਕੁਝ ਕੁ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਹੋ ਜਾਂਦੇ ਹਨ ਪ੍ਰੰਤੂ ਇਕ ਸਮੇਂ ਤੇ ਦੋ ਵਿਅਕਤੀ  ਇੱਕੋ ਜਿਹਾ ਮਹਿਸੂਸ ਕਰ ਰਹੇ ਹੋਣ ਇਹ ਕਦੇ ਵੀ ਨਹੀਂ ਹੋ ਸਕਦਾ।

ਅੱਜ ਦੇ ਸਮਾਜ ਵਿਚ ਊਚ ਨੀਚ ਸਮਾਜਿਕ-ਬੁਰਾਈਆਂ, ਕੰਨਿਆ-ਭਰੂਣ-ਹੱਤਿਆ, ਦਾਜ-ਪਿੱਤਰੀ, ਸਮਾਜਿਕ-ਢਾਂਚਾ, ਔਰਤਾਂ ਦਾ ਛੋਟਾ ਦਰਜਾ, ਇਹ ਸਭ ਕੁਝ ਸਾਡੀ ਤਾਨਾਸ਼ਾਹੀ ਸੋਚ ਤੋਂ ਹੀ ਉਪਜਦਾ ਹੈ। ਬੇਸ਼ੱਕ ਅਸੀਂ ਰਾਜਨੀਤਿਕ ਤੌਰ ਤੇ ਆਜ਼ਾਦ ਘੋਸ਼ਿਤ ਹਾਂ ਪ੍ਰੰਤੂ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਅਸੀਂ ਸੱਚਮੁੱਚ ਵਿਸ਼ਾਲ ਦ੍ਰਿਸ਼ਟੀਕੋਣ ਰੱਖਦੇ ਹਾਂ ? ਕੀ ਅਸੀਂ ਸਾਡੀਆਂ ਪਿਛਾਂਹਖਿੱਚੂ ਰੂੜੀਵਾਦੀ ਮਾਨਤਾਵਾਂ ਤੋਂ ਆਜ਼ਾਦ ਹਾਂ ? ਸਾਡੀ ਸੋਚ ਨੂੰ ਸਾਡਾ ਸਮਾਜ ਇਸ ਤਰ੍ਹਾਂ ਕਰ ਦਿੰਦਾ ਹੈ ਕਿ ਉਸ ਇੱਕ ਦਾਇਰੇ ਵਿੱਚੋਂ ਬਾਹਰ ਨਿਕਲਣਾ ਸਾਨੂੰ ਅਸੰਭਵ ਜਾਪਦਾ ਹੈ। ਪਾਪ-ਪੁੰਨ, ਸਹੀ-ਗਲਤ ਹਰ ਚੀਜ਼ ਕੌਣ ਨਿਰਧਾਰਿਤ ਕਰਦਾ ਹੈ? ਓਹੀਓ ਸਮਾਜ ਜਿਸ ਦਾ ਅਸੀਂ ਹਿੱਸਾ ਹਾਂ।

ਇਕ ਚੀਜ਼/ਕਿਰਿਆ ਜੋ ਇਕ ਦੇਸ਼ ਵਿਚ ਜੁਰਮ ਹੈ ਜਾਂ ਵਰਜਿਤ ਹੈ ਓਹੀ ਚੀਜ਼ ਦੂਜੇ ਕਿਸੇ ਦੇਸ਼ ਵਿਚ ਮਾਨਤਾ ਪ੍ਰਾਪਤ ਹੈ। ਜਦੋਂ ਕੁਦਰਤ ਇੱਕ ਹੈ, ਸਾਰੀ ਦੁਨੀਆਂ ਇਸ ਸ੍ਰਿਸ਼ਟੀ ਇੱਕ ਹੈ, ਮਨੁੱਖ ਇਕ ਹਨ ਤਾਂ ਭੇਸ ਦਾ ਫ਼ਰਕ ਤੇ ਮਾਨਤਾਵਾਂ ਦਾ ਫ਼ਰਕ ਕਿਉਂ? ਇਸ ਦਾ ਉੱਤਰ ਸਾਨੂੰ ਇਹੀ ਮਿਲੇਗਾ ਕਿ ਦ੍ਰਿਸ਼ਟੀਕੋਣ ਦੀ ਵਿਭਿੰਨਤਾ ਹੈ ਜਿਸ ਕਰਕੇ ਇਹ ਸਾਰਾ ਕੁਝ ਇਕ ਹੁੰਦੇ ਹੋਏ ਵੀ ਸਾਨੂੰ ਭਿੰਨ ਭਿੰਨ ਨਜ਼ਰ ਆਉਂਦਾ ਹੈ।  ਇਹ ਇੱਕ ਸਰਬ ਵਿਆਪਕ ਸਚਾਈ ਹੈ ਕਿ ਦੇਸ਼ ਬਦਲੇਗਾ, ਨਸਲ ਬਦਲੇਗੀ, ਭੇਸ ਬਦਲੇਗਾ ਪਰ ਮਨੁੱਖੀ ਸੁਭਾਅ ਦੀ ਪ੍ਰਕਿਰਤੀ ਕਿਤੇ ਵੀ ਨਹੀਂ ਬਦਲਦੀ ਤੇ ਇਹ ਤਾਨਾਸ਼ਾਹੀ ਸਾਨੂੰ ਦੁਨੀਆਂ ਦੇ ਹਰ ਖੇਤਰ ਹਰ ਘਰ ਹਰ ਮਨੁੱਖ ਵਿੱਚ ਵੇਖਣ ਨੂੰ ਮਿਲਦੀ ਹੈ। ਇਹੋ ਕਾਰਨ ਹੈ ਕਿ ਦੁਨੀਆਂ ਦੇ ਵੱਖ-ਵੱਖ ਕਲਾਵਾਂ, ਸਾਹਿਤ, ਲੋਕ, ਨਾਚ-ਗੀਤ-ਸੰਗੀਤ ਸਭ ਵੱਖ-ਵੱਖ ਹੁੰਦੇ ਹੋਏ ਵੀ ਭਾਵਨਾਵਾਂ ਦੇ ਪੱਖੋਂ ਕਿਤੇ ਨਾ ਕਿਤੇ ਇੱਕ ਹੋ ਨਿੱਬੜਦੇ ਹਨ।

ਮਨੁੱਖੀ ਸੁਭਾਅ ਮਾਨਵ ਸਮਾਜ ਦੀਆਂ ਜੋ ਗੁੰਝਲਾਂ ਸਮੱਸਿਆਵਾਂ ਸਾਨੂੰ ਪੰਜਾਬੀ ਸਾਹਿਤ ਵਿੱਚ ਮਿਲਦੀਆਂ ਹਨ ਉਵੇਂ ਸਾਨੂੰ ਦੂਜੀਆਂ ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਫਾਰਸੀ, ਜਰਮਨ, ਅਰਬੀ, ਚੀਨੀ ਆਦਿ ਵਿੱਚ ਵੀ ਮਿਲਦੀਆਂ ਹਨ। ਜਦੋਂ ਸਭ ਇੱਕ ਹੈ, ਇੱਕ ਤੋਂ ਹੀ ਗਿਣਤੀ ਆਰੰਭ ਹੁੰਦੀ ਹੈ, ਅਲਫ਼-ਅੱਲ੍ਹਾ ਤੋਂ ਸ਼ਬਦ ਸ਼ੁਰੂ ਤਾਂ ਫਿਰ ਅਸੀਂ ਕਿਉਂ ਇਨ੍ਹਾਂ ਬੰਦਿਸ਼ਾਂ ਵਿਚ ਦੁੱਖ ਭੋਗਦੇ ਹਾਂ? ਕਿਉਂ ਇਸ ਤਾਨਾਸ਼ਾਹੀ ਨੂੰ ਆਪਣੇ ਮਨ ਉੱਤੇ ਭਾਰੂ ਹੋਣ ਦਿੰਦੇ ਹਾਂ? ਇਹ ਸਾਡੀ ਸੋਚ ਦੀ ਤਾਨਾਸ਼ਾਹੀ ਹੀ ਹੈ ਜੋ ਸਾਨੂੰ ਵੱਖਰਤਾ ‘ਚ ਸਾਡੇ ਵਿਰੁੱਧ ਦ੍ਰਿਸ਼ਟੀਕੋਣ ਨੂੰ ਅਪਨਾਉਣ  ਤੋਂ ਨਾ ਕਰਦੀ ਹੈ। ਰੋਕਦੀ ਹੈ।

ਜਦੋਂ ਅਸੀਂ ਇਸ ਅਨੇਕਤਾ ਵਿੱਚ ਏਕਤਾ ਅਤੇ “ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ” ਦੇ ਅਸਲੀ ਅਰਥ ਸਮਝ ਲਵਾਂਗੇ ਤਾਂ ਇਹ ਤਾਨਾਸ਼ਾਹੀ ਸੋਚ ਤੋਂ ਸਾਨੂੰ ਰਾਹਤ ਮਿਲੇਗੀ ਤੇ ਵਿਅਕਤੀਗਤ ਭਿੰਨਤਾਵਾਂ ਨੂੰ ਸਮਝਣ ਵਿੱਚ ਅਸੀਂ ਸਫ਼ਲ ਹੋਵਾਂਗੇ ਜਿਸ ਨਾਲ ਸਾਡਾ ਜੀਵਨ ਪ੍ਰਤੀ ਨਜ਼ਰੀਆ ਅਤੇ ਜੀਵਨ ਜਿਊਣ ਦਾ ਢੰਗ ਵੀ ਬਦਲੇਗਾ ਅਤੇ ਅਸੀਂ ਆਪਣੇ ਜੀਵਨ ਨੂੰ ਹੋਰ ਵੀ ਸੌਖੇ ਤਰੀਕੇ ਨਾਲ ਜੀਅ ਸਕਾਂਗੇ ਅਤੇ ਸਾਰਿਆਂ ਦੇ ਦ੍ਰਿਸ਼ਟੀਕੋਣਾਂ ਨੂੰ ਅਪਨਾਉਣ ਦੀ ਸਮਰੱਥਾ  ਸਾਡੇ ਵਿੱਚ ਪੈਦਾ ਹੋਏਗੀ।

ਗੁਲਾਫਸਾ ਬੇਗਮ
ਸੁਨਾਮ, ਊਧਮ ਸਿੰਘ ਵਾਲਾ
 (ਸੰਗਰੂਰ )
9814826006

Previous articleGermany’s ruling CDU elects new chairman
Next articleਸਮਾਜ ਵਿਚਲੇ ਵੱਖ-ਵੱਖ ਰੰਗਾਂ ਦੇ ਖ਼ਿਆਲਾਂ ਨਾਲ ਲਬਰੇਜ਼ ਕਿਤਾਬ— ‘ਰੰਗਰੇਜ਼’