ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਹੁਣ ਪਰਾਲੀ ਸੜਨੀ ਬੰਦ ਹੋ ਗਈ ਹੈ ਪਰ ਦਿੱਲੀ ਦੀ ਆਬੋ-ਹਵਾ ਅਜੇ ਵੀ ਗੰਭੀਰ ਬਣੀ ਹੋਈ ਹੈ। ਆਪਣੀ ਰਿਹਾਇਸ਼ ਤੋਂ ਦਿੱਤੇ ਗਏ ਸੁਨੇਹੇ ’ਚ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਅਤੇ ਫ਼ੌਰੀ ਕਾਰਵਾਈ ਲਈ ਕਿਹਾ ਹੈ। ਮੰਤਰੀ ਨੇ ਕਿਹਾ ਕਿ ਬੋਰਡ ਨੂੰ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਸ ਨਾਲ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਚ ਲਗਾਤਾਰ ਪ੍ਰਦੂਸ਼ਣ ਫੈਲ ਰਿਹਾ ਹੈ।
ਉਨ੍ਹਾਂ ਕਿਹਾ,‘‘ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਹਾਲਾਤ ਅਜੇ ਵੀ ਗੰਭੀਰ ਹਨ। ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਰੁਕ ਗਈਆਂ ਹਨ ਪਰ ਦਿੱਲੀ ਦਾ ਹਵਾ ਗੁਣਵੱਤਾ ਇੰਡੈਕਸ ਅਜੇ ਵੀ ‘ਬਹੁਤ ਮਾੜੀ’ ਸ਼੍ਰੇਣੀ ’ਚ ਹੈ।’’ ਮੰਤਰੀ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 50 ਟੀਮਾਂ ਰੋਜ਼ਾਨਾ ਦਿੱਲੀ ਅਤੇ ਐੱਨਸੀਆਰ ਦਾ ਨਿਰੀਖਣ ਕਰਦੀਆਂ ਹਨ ਅਤੇ ਸਬੰਧਤ ਏਜੰਸੀਆਂ ਨੂੰ ਸ਼ਿਕਾਇਤਾਂ ਦੀ ਜਾਣਕਾਰੀ ਦਿੰਦੀਆਂ ਹਨ।
ਉਨ੍ਹਾਂ ਮੁਤਾਬਕ ਬੋਰਡ ਦੀ ਰਿਪੋਰਟ ਮਗਰੋਂ ਕੁਝ ਕੰਮ ਹੋਇਆ ਹੈ ਅਤੇ ਕੁਝ ’ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਦਿੱਲੀ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕ ਗਈਆਂ ਹਨ ਤਾਂ ਦਿੱਲੀ ਸਰਕਾਰ ਅਤੇ ਸਾਰੀਆਂ ਏਜੰਸੀਆਂ ਨੂੰ ਹਰਕਤ ’ਚ ਆਉਣਾ ਚਾਹੀਦਾ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਨਰੇਲਾ, ਆਨੰਦ ਵਿਹਾਰ, ਮੁੰਡਕਾ, ਦਵਾਰਕਾ ਅਤੇ ਪੰਜਾਬੀ ਬਾਗ ਜਦਕਿ ਐੱਨਸੀਆਰ ਦੇ ਫਰੀਦਾਬਾਦ, ਝੱਜਰ, ਨੋਇਡਾ ਅਤੇ ਭਿਵਾੜੀ ’ਚ ਪ੍ਰਦੂਸ਼ਣ ਹੱਦੋਂ ਵੱਧ ਹੈ ਜੋ ਚਿੰਤਾ ਦਾ ਵਿਸ਼ਾ ਹੈ।