ਮੁੰਬਈ (ਸਮਾਜ ਵੀਕਲੀ): ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਬਾਂਬੇ ਹਾਈ ਕੋਰਟ ’ਚ ਫ਼ੌਜਦਾਰੀ ਕੇਸ ਦਾਇਰ ਕਰਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਲਾਏ ਦੋਸ਼ਾਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸਾਬਕਾ ਪੁਲੀਸ ਕਮਿਸ਼ਨਰ ਨੇ ਇਸ ਸਬੰਧ ’ਚ ਪਹਿਲਾਂ ਸੁਪਰੀਮ ਕੋਰਟ ਪਟੀਸ਼ਨ ਪਾਈ ਸੀ ਜਿਥੋਂ ਉਨ੍ਹਾਂ ਨੂੰ ਬਾਂਬੇ ਹਾਈ ਕੋਰਟ ਜਾਣ ਲਈ ਕਿਹਾ ਗਿਆ ਸੀ।
ਪਟੀਸ਼ਨ ਵਿੱਚ ਸਿੰਘ ਨੇ ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ’ਤੇ ਲਾਏ ਦੋਸ਼ਾਂ ਅਤੇ ਉਨ੍ਹਾਂ ਨੂੰ ਮੁੰਬਈ ਪੁਲੀਸ ਮੁਖੀ ਦੇ ਅਹੁਦੇ ਤੋਂ ਹਟਾ ਕੇ ਹੋਮ ਗਾਰਡਜ਼ ਦਾ ਕਮਾਂਡਰ ਜਨਰਲ ਲਾਉਣ ਦਾ ਹਵਾਲਾ ਵੀ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਰਮਬੀਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਦੇਸ਼ਮੁਖ ਵੱਲੋਂ ਸਹਾਇਕ ਇੰਸਪੈਕਟਰ ਸਚਿਨ ਵਜ਼ੇ ਨੂੰ ਬਾਰ ਤੇ ਰੈਸਟੋਰੈਂਟਾਂ ਤੋਂ ਹਰ ਮਹੀਨੇ 100 ਕਰੋੜ ਰੁਪਏ ਵਸੂਲਣ ਲਈ ਕਿਹਾ ਗਿਆ ਸੀ।