ਪਟਿਆਲਾ/ਮਾਨਸਾ/ਭੀਖੀ (ਸਮਾਜ ਵੀਕਲੀ): ਪਟਿਆਲਾ ਅਤੇ ਮਾਨਸਾ ਨੇੜੇ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਨੌਂ ਜਣਿਆਂ ਦੀ ਮੌਤ ਹੋ ਗਈ ਹੈ। ਪਟਿਆਲਾ ਤੋਂ ਥੋੜ੍ਹੀ ਦੂਰ ਦੇਵੀਗੜ੍ਹ ਰੋਡ ’ਤੇ ਸਥਿਤ ਪਿੰਡ ਜਗਤਪੁਰਾ ਨੇੜੇ ਸ਼ੁੱਕਰਵਾਰ ਤੜਕੇ ਟਰੈਕਟਰ-ਟਰਾਲੀ ਤੇ ਸਕਾਰਪੀਓ ਵਿਚਾਲੇ ਹੋਏ ਹਾਦਸੇ ਵਿਚ ਇੱਕ ਬੱਚੇ ਤੇ ਦੋ ਵਿਦਿਆਰਥੀਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਚਾਰ ਬੱਚਿਆਂ ਤੇ ਸੱਤ ਮਹਿਲਾਵਾਂ ਸਮੇਤ 14 ਜਣੇ ਜ਼ਖਮੀ ਹੋ ਗਏ ਹਨ। ਦੋ ਜਣਿਆਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਜਦਕਿ ਬਾਕੀ ਪਟਿਆਲਾ ਵਿਚ ਹੀ ਜ਼ੇਰੇ ਇਲਾਜ ਹਨ। ਵੇਰਵਿਆਂ ਮੁਤਾਬਕ ਇੱਥੋਂ ਦੇ ਰੋੜੀ ਕੁੱਟ ਮੁਹੱਲੇ ਦੇ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ 20-25 ਜਣੇ ਹਰਿਆਣਾ ਦੇ ਕਰਨਾਲ ’ਚ ਕਿਸੇ ਧਾਰਮਿਕ ਸਥਾਨ ਉਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ।
ਜਦ ਉਹ ਥਾਣਾ ਸਨੌਰ ਅਧੀਨ ਪੈਂਦੇ ਪਿੰਡ ਜਗਤਪੁਰਾ ਦੇ ਕੋਲ ਪੁੱਜੇ ਤਾਂ ਟਰੈਕਟਰ-ਟਰਾਲੀ ਨੂੰ ਪਿੱਛਿਓਂ ਆ ਰਹੀ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਮ੍ਰਿਤਕਾਂ ਵਿਚੋਂ 12 ਸਾਲਾ ਰੋਹਿਤ, 35 ਸਾਲਾ ਨਿੱਕਾ ਤੇ 30 ਸਾਲਾ ਸੋਨੂੰ ਵਾਸੀ ਰੋੜੀ ਕੁੱਟ ਮੁਹੱਲਾ, ਪਟਿਆਲਾ ਟਰਾਲੀ ’ਚ ਸਵਾਰ ਸਨ। ਜਦਕਿ ਦੋ ਮ੍ਰਿਤਕ 24 ਸਾਲਾ ਗੁਰਪ੍ਰੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ 23 ਸਾਲਾ ਕਰਮਜੋਤ ਸਿੰਘ ਵਾਸੀ ਸਮਰਾਲਾ ਸਕਾਰਪੀਓ ’ਚ ਸਵਾਰ ਸਨ। ਦੋਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਉਹ ਆਪਣੇ ਇੱਕ ਹੋਰ ਸਾਥੀ ਗੁਰਿੰਦਰ ਸਿੰਘ ਸਮੇਤ ਦੇਵੀਗੜ੍ਹ ਵਾਲੇ ਪਾਸਿਓਂ ਵਾਪਸ ਪਟਿਆਲਾ ਪਰਤ ਰਹੇ ਸਨ। ਗੁਰਿੰਦਰ ਸਿੰਘ ਇਕੱਲਾ ਹੀ ਕਾਰ ’ਚ ਪਿਛਲੀ ਸੀਟ ’ਤੇ ਬੈਠਾ ਸੀ। ਉਸ ਨੂੰ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਬਾਕੀ 13 ਜ਼ਖ਼ਮੀ ਟਰੈਕਟਰ-ਟਰਾਲੀ ’ਚ ਸਵਾਰ ਸਨ। ਥਾਣਾ ਸਨੌਰ ਦੇ ਐੱਸਐਚਓ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਸਕਾਰਪੀਓ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਟਿਆਲਾ ਦੇ ਡੀ.ਐੱਸ.ਪੀ (ਦਿਹਾਤੀ) ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪੋਸਟ ਮਾਰਟਮ ਕਰਵਾਉਣ ਮਗਰੋਂ ਦੇਹਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਮਾਨਸਾ ਜ਼ਿਲ੍ਹੇ ਵਿਚ ਅੱਜ ਵਾਪਰੇ ਇਕ ਹੋਰ ਹਾਦਸੇ ਵਿਚ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ’ਚ ਸੜਕ ਕਿਨਾਰੇ ਖੜ੍ਹੇ ਟਰਾਲੇ ਵਿੱਚ ਜ਼ਾਇਲੋ ਗੱਡੀ ਵੱਜਣ ਨਾਲ ਦੋ ਪਰਿਵਾਰਾਂ ਦੇ 4 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ 3 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਨੂੰਹ-ਸੱਸ ਤੇ 2 ਸਕੇ ਭਰਾ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ। ਵੇਰਵਿਆਂ ਮੁਤਾਬਕ ਜ਼ਾਇਲੋ ਸਵਾਰ ਮਾਲੇਰਕੋਟਲਾ ਤੋਂ ਮੱਥਾ ਟੇਕ ਕੇ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਤਲਵੰਡੀ ਸਾਬੋ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਗੱਡੀ ਸੜਕ ਦੇ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ।
ਮ੍ਰਿਤਕਾਂ ਦੀ ਸ਼ਨਾਖ਼ਤ ਪਰਮਜੀਤ ਕੌਰ (39), ਨਸੀਬ ਕੌਰ (70) ਵਾਸੀ ਪਿੰਡ ਗੇਹਲੇ ਵਾਲਾ ਜ਼ਿਲ੍ਹਾ ਬਠਿੰਡਾ ਤੇ ਭੋਲਾ ਰਾਮ (50), ਰਾਜ ਕੁਮਾਰ (52) ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ। ਹਾਦਸੇ ਵਿੱਚ ਨੌਜਵਾਨ ਮਨੀ (17), ਡਰਾਈਵਰ ਰਛਪਾਲ ਸਿੰਘ (25), ਰੇਖਾ ਰਾਣੀ (48) ਵਾਸੀ ਤਲਵੰਡੀ ਸਾਬੋ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਘਟਨਾ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਦੇਹਾਂ ਨੂੰ ਬੜੀ ਮੁਸ਼ਕਲ ਨਾਲ ਗੱਡੀ ਵਿਚੋਂ ਬਾਹਰ ਕੱਢਿਆ ਗਿਆ। ਭੀਖੀ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਮਾਨਸਾ ਨੇੜੇ ਮਰਨ ਵਾਲਿਆਂ ’ਚ ਸਕੇ ਭਰਾ ਤੇ ਸੱਸ-ਨੂੰਹ ਸ਼ਾਮਲ
ਤਲਵੰਡੀ ਸਾਬੋ (ਸਮਾਜ ਵੀਕਲੀ): ਮਾਨਸਾ ਜ਼ਿਲ੍ਹੇ ਦੇ ਪਿੰਡ ਢੈਪਈ ਕੋਲ ਵਾਪਰੇ ਸੜਕ ਹਾਦਸੇ ਵਿੱਚ ਮਾਰੇ ਗਏ ਚਾਰ ਜਣੇ ਤਲਵੰਡੀ ਸਾਬੋ ਨਾਲ ਸਬੰਧਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਦੋ ਪਰਿਵਾਰ ਮਲੇਰਕੋਟਲਾ ਵਿਖੇ ਧਾਰਮਿਕ ਅਸਥਾਨ ’ਤੇ ਰਾਤ ਦੀ ਚੌਂਕੀ ਭਰ ਕੇ ਵਾਪਸ ਆ ਰਹੇ ਸਨ। ਹਾਦਸੇ ਵਿੱਚ ਰਾਜ ਕੁਮਾਰ (52), ਭੋਲਾ ਰਾਮ (50) ਦੋਵੇਂ ਸਕੇ ਭਰਾ, ਨਸੀਬ ਕੌਰ (70) ਤੇ ਪਰਮਜੀਤ ਕੌਰ (39) ਦੋਵੇਂ ਸੱਸ-ਨੂੰਹ ਵਾਸੀ ਪਿੰਡ ਗਹਿਲੇ ਵਾਲਾ ਦੀ ਮੌਕੇ ’ਤੇ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly