ਪਟਿਆਲਾ (ਸਮਾਜ ਵੀਕਲੀ) : ਦਿੱਲੀ-ਕਟੜਾ ਐਕਸਪ੍ਰੈਸ ਹਾਈਵੇਅ ਲਈ ਜਬਰੀ ਅਤੇ ਘੱਟ ਰੇਟ ’ਤੇ ਜ਼ਮੀਨਾਂ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਪੰਜਾਬ ਭਰ ਤੋਂ ਆਏ ਕਿਸਾਨਾਂ ਨੇ ਅੱਜ ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰਸ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰ ਲਿਆ। ਕਿਸਾਨਾਂ ਵੱਲੋਂ ਭਾਵੇਂ ਪਹਿਲਾਂ ਸ਼ਹਿਰ ਵਿੱਚ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਮਹਿਲ ਦੇ ਘਿਰਾਓ ਕਰਨ ਦਾ ਪ੍ਰੋਗਰਾਮ ਕਿਸਾਨਾਂ ਨੇ ਗੁਪਤ ਰੱਖਿਆ। ਬਾਵਜੂਦ ਇਸ ਦੇ ਪੁਲੀਸ ਨੇ ਮਜ਼ਬੂਤ ਬੰਦੋਬਸਤ ਕੀਤੇ ਹੋਏ ਸਨ ਪਰ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਬੈਰੀਕੇਡ ਹਟਾ ਕੇ ਲੰਘਣ ਲਈ ਰਸਤਾ ਬਣਾ ਲਿਆ ਅਤੇ ਮਹਿਲ ਦੇ ਵੱਖ ਵੱਖ ਮੋੜਾਂ ਵਿੱਚ ਜਾ ਕੇ ਧਰਨੇ ਮਾਰ ਦਿੱਤੇ।
ਇਸ ਦੌਰਾਨ ਵਾਈਪੀਐੱਸ ਚੌਕ ਵਿਚ ਹੀ ਕਿਸਾਨਾਂ ਤੇ ਪੁਲੀਸ ਦਰਮਿਆਨ ਝੜਪ ਹੋਈ, ਕਿਉਂਕਿ ਪੁਲੀਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ ਪਰ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਬੈਰੀਕੇਡ ਲਾਂਭੇ ਕਰਕੇ ਰਾਹ ਬਣਾ ਲਿਆ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਮੰਤਰੀ ਨਿਵਾਸ ਦੇ ਪਿਛੇ ਸਥਿਤ ਸੂਲਰ ਰੋਡ ਵਾਲੇ ਚੌਕ ਵਿੱਚ, ਮਹਿੰਦੀ ਚੌਕ ਅਤੇ ਵਾਈਪੀਐੱਸ ਚੌਕ ਵਿੱਚ ਧਰਨੇ ਲਾਏ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕਿਸਾਨਾਂ ਦੀ ਹਮਾਇਤ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਟਰੈਕਟਰ ਲੈ ਕੇ ਆਏ ਕਿਸਾਨਾਂ ਨੂੰ ਪੁਲੀਸ ਨੇ ਫੁਹਾਰਾ ਚੌਕ ‘ਤੇ ਹੀ ਰੋਕ ਲਿਆ, ਜਿਸ ਕਰਕੇ ਉਨ੍ਹਾਂ ਨੇ ਫੁਹਾਰਾ ਚੌਕ ‘ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿਤੀ। ਕਿਸਾਨਾਂ ਵੱਲੋਂ ਮਹਿਲ ਦੇ ਦੁਆਲੇ ਅੱਜ ਸਵੇਰੇ ਸਾਢੇ ਨੌਂ ਵਜੇ ਹੀ ਇਹ ਧਰਨੇ ਮਾਰ ਦਿੱਤੇ ਸਨ। ਪੁਲੀਸ ਨੇ ਭਾਵੇਂ ਕਿ ਮਿੱਟੀ ਦੇ ਭਰੇ ਹੋਏ ਟਿੱਪਰ ਅਤੇ ਟਰੱਕ ਵੀ ਲਾਏ ਹੋਏ ਹਨ ਪਰ ਕਿਸਾਨਾਂ ਨੇ ਵੀ ਸਾਰੇ ਧਰਨਿਆਂ ਦੇ ਨਾਲ ਹੀ ਆਪਣੇ ਟਰੈਕਟਰ ਅਤੇ ਟਰਾਲੀਆਂ ਵੀ ਲਾਈਆਂ ਹੋਈਆਂ ਹਨ। ਕਿਸਾਨ ਇਨ੍ਹਾਂ ਧਰਨਿਆਂ ਦੌਰਾਨ ਦਰੀਆਂ ਵਿਛਾਅ ਕੇ ਸੜਕਾਂ ’ਤੇ ਬੈਠੇ ਹਨ।
ਕਿਸਾਨਾਂ ਦੇ ਇਸ ਧਰਨੇ ਦੀ ਅਗਵਾਈ ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਅਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਗਜੀਤ ਸਿੰਘ ਗਲੌਲੀ ਕਰ ਰਹੇ ਹਨ, ਜਦਕਿ ਪੁਲੀਸ ਫੋਰਸ ਦੀ ਅਗਵਾਈ ਐੱਸਪੀ ਸਿਟੀ ਵਰੁਣ ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਇਸ ਧਰਨੇ ਦੌਰਾਨ ਸਮੁੱਚੇ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚੋਂ ਭਾਰੀ ਪੁਲੀਸ ਫੋਰਸ ਸੱਦ ਕੇ ਇੱਥੇ ਮੁੱਖ ਮੰਤਰੀ ਨਿਵਾਸ ਦੇ ਦੁਆਲੇ ਤਾਇਨਾਤ ਕੀਤੀ ਹੋਈ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਕਦਰ ਕਦੇ ਵੀ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਨਹੀਂ ਹੋਇਆ। ਧਰਨੇ ਦਾ ਪਹਿਲਾਂ ਵੀ ਲੱਗਦੇ ਰਹੇ ਹਨ ਪਰ ਉਹ ਸਿਰਫ ਇਕ ਪਾਸੇ ਚੌਕ ਵਿੱਚ ਲੱਗਦੇ ਸਨ ਪਰ ਇਹ ਪਹਿਲੀ ਵਾਰੀ ਹੈ ਕਿ ਮਹਿਲ ਦੇ ਚੁਫੇਰੇ ਹੀ ਧਰਨੇ ਲਾ ਦਿਤੇ ਗਏ ਹਨ। ਪੁਲੀਸ ਫੋਰਸ ਦੀ ਅਗਵਾਈ ਕਰਨ ਵਾਲਿਆਂ ਵਿੱਚ ਐੱਸਪੀ ਸਿਟੀ ਵਰੁਣ ਸ਼ਰਮਾ (ਆਈਪੀਐਸ), ਐਸਪੀ (ਸੁਰੱਖਿਆ ਅਤੇ ਟਰੈਫ਼ਿਕ) ਪਲਵਿੰਦਰ ਚੀਮਾ, ਡੀ ਐੱਸ ਪੀ ਯੋਗੇਸ਼ ਸ਼ਰਮਾ, ਸੌਰਵ ਜਿੰਦਲ, ਅਜੇਪਾਲ ਸਿੰਘ ਤੇ ਜਸਵਿੰਦਰ ਟਿਵਾਣਾ ਆਦਿ ਸ਼ਾਮਲ ਹਨ।
Download and Install ‘Samaj Weekly’ App
https://play.google.com/store/apps/details?id=in.yourhost.samajweekly