ਰਾਤ ਦੀ ਰੋਟੀ ਸੱਭ ਨੂੰ ਖਵਾ ਕੇ ਮੈਂ ਖੁਦ ਵੀ ਰੋਟੀ ਖਾਣ ਲਈ ਹੇਠਾਂ ਵਿਛਾਈ ਦਰੀ ‘ਤੇ ਬੈਠ ਗਈ। ਗਰਮੀ ਕਹਿਰ ਦੀ ਸੀ। ਰੋਟੀ ਖਾ ਕੇ ਝੂਠੇ ਭਾਂਡੇ ਵੀ ਚੁੱਕਣ ਦੀ ਹਿੰਮਤ ਨਹੀਂ ਹੋ ਰਹੀ ਸੀ। ਸਾਰੇ ਦਿਨ ਦੀ ਥਕਾਵਟ ਕਾਰਨ ਅੱਖਾਂ ਬੰਦ ਹੋ ਰਹੀਆਂ ਸਨ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦਰੀ ਉੱਤੇ ਬੈਠੇ- ਬੈਠੇ ਹੀ ਅੱਖ ਲੱਗ ਗਈ। ਥੋੜੀ ਦੇਰ ਬਾਅਦ ਇੱਕਦਮ ਤ੍ਰਭਕ ਕੇ ਉੱਠੀ, ਹਾਏ ਰਾਮ! ਮੈਂ ਤਾਂ ਝੂਠੇ ਭਾਂਡੇ ਮਾਂਜਣੇ ਸਨ, ਰਸੋਈ ਵਿੱਚ ਸਾਰਾ ਕੰਮ ਬਾਕੀ ਸੀ।
ਪਰ…..ਇਹ ਕੀ? ਦਰੀ ਤੋਂ ਭਾਂਡੇ ਕਿੱਥੇ ਗਏ? ਉਲਟਾ ਦਰੀ ਤਾਂ ਬਿਲਕੁਲ ਸਾਫ਼ ਪਈ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਾਂ ਰਹੀ। ਹੌਲ਼ੀ ਹੌਲ਼ੀ ਉੱਠ ਕੇ ਮੈਂ ਰਸੋਈ ਦੇ ਦਰਵਾਜ਼ੇ ਤੱਕ ਪਹੁੰਚੀ ਤਾਂ ਮੇਰੀ ਹੈਰਾਨੀ ਹੋਰ ਵੱਧ ਗਈ। ਮੇਰੀ ਨਿੱਕੀ ਜਿਹੀ ਧੀ ਆਪਣੇ ਛੋਟੇ- ਛੋਟੇ ਹੱਥਾਂ ਨਾਲ ਭਾਂਡੇ ਧੋ ਰਹੀ ਸੀ। ਮੈਂ ਚੁੱਪਚਾਪ ਪਿੱਛੇ ਖੜੀ ਦੇਖਦੀ ਰਹੀ। ਓਸਨੇ ਸਾਰੇ ਭਾਂਡੇ ਧੋ ਕੇ ਸਲੀਕੇ ਨਾਲ਼ ਰੱਖ ਦਿੱਤੇ ਤੇ ਫ਼ੇਰ ਬਾਕੀ ਸਾਰੀ ਸਫ਼ਾਈ ਵੀ ਕਰਨ ਲੱਗੀ।
ਮੈਂ ਹੈਰਾਨ ਸਾਂ ਕਿ ਮੈਂ ਤਾਂ ਉਸਨੂੰ ਕਦੇ ਇਹ ਸਾਰੇ ਕੰਮ ਸਿਖਾਏ ਹੀ ਨਹੀਂ ਸਨ। ਉਹ ਕਦੋਂ ਇਹ ਕੰਮ ਸਿੱਖ ਗਈ ? ਸ਼ਾਇਦ ਉਹ ਹਰ ਰੋਜ਼ ਮੈਨੂੰ ਇਹ ਸਾਰੇ ਕੰਮ ਕਰਦਿਆਂ ਦੇਖ ਕੇ ਆਪਣੇ ਆਪ ਹੀ ਸਿੱਖ ਗਈ ਸੀ ਕਿਉਂਕਿ ਮੈਂ ਵੀ ਤਾਂ ਇਸੇ ਤਰ੍ਹਾਂ ਸਿੱਖ ਗਈ ਸਾਂ, ਧੀਆਂ ਨੂੰ ਸ਼ਾਇਦ ਇਹ ਬਖ਼ਸ਼ ਹੁੰਦੀ ਹੈ ਕਿ ਉਹ ਬਹੁਤ ਸਾਰੇ ਕੰਮ ਬਿਨਾਂ ਸਿਖਾਇਆਂ ਹੀ ਸਿੱਖ ਜਾਂਦੀਆ ਹਨ।
ਮੈਂ ਕਾਹਲ਼ੀ ਨਾਲ਼ ਕਮਰੇ ਵਿੱਚ ਗਈ ਕਿ ਪਤੀ ਨੂੰ ਦੱਸਾਂ ਕਿ ਆਪਣੀ ਧੀ ਕਿੰਨੀ ਸਮਝਦਾਰ ਹੋ ਗਈ ਹੈ ਤਾਂ ਉਹ ਅਤੇ ਵੱਡਾ ਪੁੱਤਰ ਟੀ.ਵੀ. ਦੇਖਣ ‘ਚ ਮਸਤ ਸਨ। ਬਾਹਰ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਕੋਈ ਮਤਲਬ ਨਹੀਂ ਸੀ।
ਮੈਂ ਬਿਨਾਂ ਕੁੱਝ ਬੋਲੇ ਵਾਪਸ ਆ ਕੇ ਰਸੋਈ ਦੇ ਦਰਵਾਜ਼ੇ ਕੋਲ਼ ਖੜ ਗਈ। ਛੋਟੀ ਹੁਣ ਕੰਮ ਨਬੇੜ ਕੇ ਹੱਥ ਧੋ ਰਹੀ ਸੀ। ਮੈਂ ਸੋਚ ਰਹੀ ਸਾਂ ਕਿ ਵਾਹਿਗੁਰੂ ਜੀ ਨੇ ਮੈਨੂੰ ਕਿੱਡੀ ਵੱਡੀ ਨਿਆਮਤ ਬਖ਼ਸ਼ੀ ਹੈ, ਮੈਂ ਜਿੰਨਾ ਸ਼ੁਕਰ ਕਰਾਂ, ਉੱਨਾ ਹੀ ਥੋੜਾ ਹੈ। ਇੰਝ ਲੱਗ ਰਿਹਾ ਸੀ ਕਿ ਇੱਕ ਨੰਨ੍ਹੀ ਜਿਹੀ ਪਰੀ ਨੇ ਆ ਕੇ ਮੇਰੇ ਸਾਰੇ ਦੁੱਖ ਹਰ ਲਏ ਹੋਣ।
ਮੰਮੀ ਜੀ…. ਓਹਨੇ ਛੋਟੇ ਛੋਟੇ ਹੱਥਾਂ ਨਾਲ ਪਾਣੀ ਦੇ ਦੋ ਚਾਰ ਛਿੱਟੇ ਮੇਰੇ ‘ਤੇ ਮਾਰੇ ਤਾਂ ਮੈਂ ਸੋਚਾਂ ਦੀ ਲੜੀ ‘ਚੋਂ ਬਾਹਰ ਆਈ ਤੇ ਮੈਂ ਦੋਵੇਂ ਬਾਹਾਂ ਫੈਲਾਅ ਕੇ ਓਸ ਨੰਨ੍ਹੀ ਪਰੀ ਨੂੰ ਗਲ਼ ਨਾਲ਼ ਲਗਾ ਲਿਆ।
ਮਨਜੀਤ ਕੌਰ
ਸ਼ੇਰਪੁਰ,ਲੁਧਿਆਣਾ।
ਸੰ:9464633059