ਨੌਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਿਆ

ਹੈਬੋਵਾਲ ਡੇਅਰੀ ਕੰਪਲੈਕਸ ’ਚ ਰਹਿਣ ਵਾਲੇ 9ਵੀਂ ਜਮਾਤ ਦੇ ਵਿਦਿਆਰਥੀ ਰੋਸ਼ਨ ਕੁਮਾਰ (15) ਨੇ ਸ਼ਨਿਚਰਵਾਰ ਦੇਰ ਰਾਤ ਨੂੰ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਐਤਵਾਰ ਦੀ ਸਵੇਰੇ ਉਸ ਸਮੇਂ ਲੱਗਿਆ, ਜਦੋਂ ਰੋਸ਼ਨ ਕਮਰੇ ’ਚੋਂ ਬਾਹਰ ਨਹੀਂ ਨਿਕਲਿਆ ਤੇ ਪਰਿਵਾਰ ਵਾਲੇ ਉਸ ਨੂੰ ਜਗਾਉਣ ਲਈ ਉਸ ਦੇ ਕਮਰੇ ’ਚ ਜਾਣ ਲੱਗੇ, ਪਰ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਦਰਵਾਜ਼ਾ ਖੜਕਾਇਆ, ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜ ਦਿੱਤਾ। ਅੰਦਰ ਰੋਸ਼ਨ ਦੀ ਲਾਸ਼ ਲਟਕਦੀ ਦੇਖ ਉਨ੍ਹਾਂ ਦੇ ਹੋਸ਼ ਉਡ ਗਏ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਰੋਸ਼ਨ ਦੇ ਪਰਿਵਾਰ ਵਾਲਿਆਂ ਨੇ ਸ਼ਨਿਚਰਵਾਰ ਦੀ ਸ਼ਾਮ ਨੂੰ ਰੋਸ਼ਨ ਨੂੰ ਝਿੜਕਿਆ ਸੀ ਕਿ ਉਸ ਦੇ ਪੇਪਰ ਚੱਲ ਰਹੇ ਹਨ, ਉਹ ਚੰਗੀ ਤਰ੍ਹਾ ਪੜ੍ਹਾਈ ਕਰ ਤੇ ਚੰਗੇ ਨੰਬਰਾਂ ਨਾਲ ਪਾਸ ਹੋਵੇ ਜਿਸ ਕਾਰਨ ਰੋਸ਼ਨ ਪ੍ਰੇਸ਼ਾਨ ਹੋ ਗਿਆ ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਜਾਂਚ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਥਾਣਾ ਪੀਏਯੂ ਦੇ ਇੰਚਾਰਜ ਇੰਸਪੈਕਟਰ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਰੋਸ਼ਨ ਕੁਮਾਰ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਬਾਗਲਪੁਰ ਸਥਿਤ ਗ਼ੋਪਾਲਪੁਰ ਦਾ ਰਹਿਣ ਵਾਲਾ ਸੀ। ਇੱਥੇ ਉਹ ਪਰਿਵਾਰ ਨਾਲ ਰਹਿੰਦਾ ਸੀ ਤੇ ਇਲਾਕੇ ’ਚ ਹੀ ਸਥਿਤ ਸਕੂਲ ਵਿਖੇ 9ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਸਮੇਂ ਉਸ ਦੇ ਪੇਪਰ ਚੱਲ ਰਹੇ ਸਨ। ਸ਼ਨਿਚਰਵਾਰ ਸ਼ਾਮ ਨੂੰ ਉਹ ਘਰ ਮਸਤੀ ਕਰ ਰਿਹਾ ਸੀ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਝਿੜਕਿਆ ਕਿ ਉਹ ਪੜ੍ਹਾਈ ਕਰੇ। ਉਹ ਉਸ ਨੂੰ ਮੁਸ਼ਕਿਲ ਨਾ ਪੜ੍ਹਾ ਰਹੇ ਹਨ ਤੇ ਉਹ ਪੜ੍ਹਨ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਰੋਸ਼ਨ ਨੂੰ ਪੜ੍ਹਨ ਤੇ ਚੰਗੇ ਨੰਬਰ ਲੈ ਕੇ ਪਾਸ ਹੋਣ ਲਈ ਆਖਿਆ ਜਿਸ ਤੋਂ ਬਾਅਦ ਰੋਸ਼ਨ ਪ੍ਰੇਸ਼ਾਨ ਹੋ ਗਿਆ। ਰਾਤ 10 ਵਜੇ ਉਹ ਆਪਣੇ ਭਰਾਵਾਂ ਕੋਲ ਬੈਠਾ ਸੀ। ਇਸੇ ਦੌਰਾਨ ਉਹ ਉਠ ਕੇ ਦੂਸਰੇ ਕਮਰੇ ’ਚ ਸੌਣ ਲਈ ਚਲਾ ਗਿਆ। ਉਸ ਨੇ ਦੇਰ ਰਾਤ ਨੂੰ ਕਮਰਾ ਬੰਦ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਸਵੇਰੇ ਉਹ ਨਹੀਂ ਉਠਿਆ ਤਾਂ ਪਰਿਵਾਰ ਵਾਲੇ ਕਮਰੇ ਵੱਲ ਗਏ ਤਾਂ ਪਤਾ ਲੱਗਿਆ ਜਿਸ ਤੋਂ ਬਾਅਦ ਸੂਚਨਾ ਪੁਲੀਸ ਨੂੰ ਦਿੱਤੀ ਗਈ। ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Previous articleਗੋਲੀਆਂ ਮਾਰ ਕੇ ਨੌਜਵਾਨ ਜ਼ਖ਼ਮੀ
Next articleFarooq Abdullah files nomination for Srinagar seat