ਨੇਤਨਯਾਹੂ ਨੇ ਨਕਾਰੇ ਰਿਸ਼ਵਤ ਦੇ ਦੋਸ਼

ਯੋਰੋਸ਼ਲਮ (ਸਮਾਜ ਵੀਕਲੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਭ੍ਰਿਸ਼ਟਾਚਾਰ ਕੇਸਾਂ ਦੀ ਸੁਣਵਾਈ ਮੁੜ ਸ਼ੁਰੂ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੱਸਣਯੋਗ ਹੈ ਕਿ ਕੁਝ ਹਫ਼ਤਿਆਂ ਬਾਅਦ ਇਜ਼ਰਾਈਲ ਵਿਚ ਮੁੜ ਚੋਣਾਂ ਹੋਣ ਵਾਲੀਆਂ ਹਨ। ਨੇਤਨਯਾਹੂ ਖ਼ਿਲਾਫ਼ ਪਿਛਲੇ ਸਾਲ ਧੋਖਾਧੜੀ, ਭਰੋਸਾ ਤੋੜਨ ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਸਨ। ਕੁਝ ਮਹੀਨਿਆਂ ਤੋਂ ਇਜ਼ਰਾਇਲੀ ਲੋਕ ਨੇਤਨਯਾਹੂ ਦਾ ਲਗਾਤਾਰ ਵਿਰੋਧ ਕਰ ਰਹੇ ਹਨ ਤੇ ਅਸਤੀਫ਼ਾ ਮੰਗ ਰਹੇ ਹਨ। ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਮਹਾਮਾਰੀ ਦਾ ਸਾਹਮਣਾ ਸਹੀ ਢੰਗ ਨਾਲ ਨਹੀਂ ਕੀਤਾ।

ਰੋਸ ਪ੍ਰਦਰਸ਼ਨ ਕਰਨ ਵਾਲੇ ਅੱਜ ਸੁਣਵਾਈ ਕਰ ਰਹੀ ਅਦਾਲਤ ਦੇ ਬਾਹਰ ਇਕੱਠੇ ਹੋ ਗਏ ਤੇ ਨਾਅਰੇਬਾਜ਼ੀ ਕੀਤੀ। ਨੇਤਨਯਾਹੂ ’ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਅਮੀਰ ਮਿੱਤਰਾਂ ਤੋਂ ਮਹਿੰਗੇ ਤੋਹਫ਼ੇ ਲਏ ਹਨ। ਇਸ ਤੋੋਂ ਇਲਾਵਾ ਤਾਕਤਵਰ ਮੀਡੀਆ ਹਸਤੀਆਂ ਨੂੰ ਲਾਹਾ ਦੇ ਕੇ ਆਪਣੇ ਪੱਖ ਵਿਚ ਕਵਰੇਜ ਕਰਵਾਈ ਹੈ। ਉਨ੍ਹਾਂ ਖ਼ਿਲਾਫ਼ ਸੁਣਵਾਈ ਪਿਛਲੇ ਮਹੀਨੇ ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਨੇਤਨਯਾਹੂ  ਇਜ਼ਰਾਈਲ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਹਨ। ਅਹੁਦੇ ਉਤੇ ਬਣੇ ਹੋਏ ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਚੱਲ ਰਹੀ ਹੈ।

Previous articleਚੀਨੀ ਕੰਪਨੀ ਵੱਲੋਂ ਸ਼ਹਿਰ ਵਸਾਉਣ ਦੀਆਂ ਖ਼ਬਰਾਂ ਨਿਰਮੂਲ: ਮੌਰੀਸਨ
Next articleਚੀਨੀ-ਆਸਟਰੇਲਿਆਈ ਪੱਤਰਕਾਰ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ