ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਲਿਖਿਆ ਕਾਰਜ ਸਾਧਕ ਅਫ਼ਸਰ ਨੂੰ ਪੱਤਰ
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ ) (ਸਮਾਜ ਵੀਕਲੀ): ਨੂਰਮਹਿਲ ਦੀਆਂ ਪ੍ਰਮੁੱਖ ਸੜਕਾਂ ਜਿਵੇਂ ਜਲੰਧਰੀ ਚੂੰਗੀ ਤੋਂ ਭੂਤਨਾਥ ਮੰਦਰ ਰੋਡ, ਕੋਟਲਾ ਕਲੋਨੀ, ਨਕੋਦਰ ਰੋਡ ਕਲੋਨੀ, ਫਲਾਈ ਵਾਲਾ ਮੁਹੱਲਾ, ਥਾਣਾ ਰੋਡ ਆਦਿ ਉੱਪਰ ਨਗਰ ਕੌਂਸਲ ਦੀਆਂ ਲਾਈਟਾਂ ਨਾ ਜਗਣ ਕਾਰਣ ਸ਼ਾਮ 5:30 ਵਜੇ ਤੋਂ ਹੀ ਅੰਧਕਾਰ ਛਾਅ ਜਾਂਦਾ ਹੈ। ਇਹ ਅੰਧਕਾਰ ਸਵੇਰੇ 6:30 ਵਜੇ ਭਾਵ 13 ਘੰਟੇ ਤੱਕ ਛਾਇਆ ਰਹਿੰਦਾ ਹੈ। ਲੋਕ ਬਹੁਤ ਅਸੁਰੱਖਿਅਤ ਮਹਿਸੂਸ ਕਰਦੇ ਹਨ। ਜੋ ਲੋਕ ਸਿਹਤਮੰਦ ਰਹਿਣ ਲਈ ਸਵੇਰ ਦੀ ਸੈਰ ਕਰਦੇ ਹਨ ਉਹ ਲੋਕ ਵੀ ਅੰਧਕਾਰ ਕਾਰਣ ਸੈਰ ਕਰਨ ਤੋਂ ਕੰਨੀ-ਕੁਤਰਾਉਂਦੇ ਹਨ ਜਦਕਿ ਕੋਵਿਡ-19 ਦੇ ਚਲਦਿਆਂ ਸਿਹਤਮੰਦ ਰਹਿਣਾ ਅਤਿ ਜ਼ਰੂਰੀ ਹੈ।
ਇਹਨਾਂ ਸਾਰੇ ਪੱਖਾਂ ਨੂੰ ਵਾਚਣ ਉਪਰੰਤ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਰੂਪ ਵਿੱਚ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਨੂਰਮਹਿਲ ਦੀਆਂ ਪ੍ਰਮੁੱਖ ਸੜਕਾਂ ਦੀਆਂ ਬੰਦ ਪਈਆਂ ਲਾਈਟਾਂ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕੀਤਾ ਜਾਵੇ ਅਤੇ ਨੂਰਮਹਿਲ ਨੂੰ ਅੰਧਕਾਰ ਮੁਕਤ ਕੀਤਾ ਜਾਵੇ। ਲਾਇਨ ਬਬਿਤਾ ਸੰਧੂ, ਸਾਬਕਾ ਕੌਂਸਲਰ ਦੇਵ ਰਾਜ ਸੁੰਮਨ, ਹਰਜਿੰਦਰ ਸਿੰਘ, ਦਿਨਕਰ ਸੰਧੂ, ਪ੍ਰਭਦੀਪ ਖੋਸਲਾ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਤੀਰਥ ਰਾਮ ਸੰਧੂ ਦੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਨਵੇਂ-ਨਵੇਂ ਪੋਲ ਅਤੇ ਫਲੱਡ ਲਾਈਟਾਂ ਲਗਾਕੇ ਸ਼ਹਿਰ ਚਮਚਮਾ ਰਿਹਾ ਸੀ ਉਸੇ ਤਰੀਕੇ ਨਾਲ ਸ਼ਹਿਰ ਨੂੰ ਚਮਚਮਾਇਆ ਜਾਵੇ, ਉਹਨਾਂ ਦੇ ਕਾਰਜਕਾਲ ਤੋਂ ਬਾਅਦ ਜੋ ਮਜ਼ਾਕ ਉਡਾਉਣ ਵਾਲੇ ਛੋਟੇ ਛੋਟੇ ਬਲੱਬ ਲਗਾਏ ਗਏ ਹਨ ਉਹ ਉਤਾਰੇ ਜਾਣ ਅਤੇ ਸਹੀ ਚਾਨਣ ਕਰਨ ਵਾਲੇ ਬਲੱਬ ਆਦਿ ਲਗਾਏ ਜਾਣ। ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਬੀਤੇ 1 ਸਾਲ ਤੋਂ ਵੱਧ ਸਮੇਂ ਤੋਂ ਇਹ ਸਾਰੀਆਂ ਲਾਈਟਾਂ ਖ਼ਰਾਬ ਹਨ।