(ਸਮਾਜ ਵੀਕਲੀ)
੧੩ ਜਨਵਰੀ ‘ਤੇ ਵਿਸ਼ੇਸ਼
ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਧਾਰਮਿਕ ਅਕੀਦਿਆਂ ਵਿਚ ਪਿਆਰ ਤੇ ਵਿਸ਼ਵਾਸ਼ ਦੀ ਨੀਂਹ
ਹਰਿਮੰਦਰ ਕੀ ਨੀਂਵ ਕੀ ਈਂਟ ਦੇ ਰਹੀ ਹੈ ਗਵਾਹੀ,
ਕਿ ਅਹਿਲੇ ਮਜ਼ਾਹਬ ਮੇਂ ਕਭੀ ਦੋਸਤੀ ਮੁਸਕਰਾਈ ਥੀ।
ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਸਿੱਖ ਕੌਮ ਦਾ ਸੱਭ ਤੋਂ ਵੱਡਾ ਕੇਂਦਰ ਹੈ।ਇਹ ਐਸਾ ਨਗਰ ਹੈ, ਜੋ ਗੁਰੂ ਸਾਹਿਬ ਨੇ ਸਿੱਖ ਮਾਡਲ ਨਗਰ ਵਜੋਂ ਵਸਾਇਆ। ਇਸ ਦਾ ਪਹਿਲਾ ਨਾਂ “ਗੁਰੂ ਕਾ ਚੱਕ” ਸੀ।ਇਸ ਨੂੰ ਵਸਾਉਣ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨ ਵਿੰਡ, ਤੁੰਗ, ਗਿਲਵਾਲੀ ਪਿੰਡਾਂ ਦੇ ਜ਼ਿੰਮੀਦਾਰਾਂ ਤੋਂ ੭੦੦ ਅਕਬਰੀ ਰੁਪਏ ਦੇ ਕੇ ਜ਼ਮੀਨ ਖਰੀਦੀ ਸੀ। ਇਸੀ ਜਗ੍ਹਾ ਰੱਬ ਦੇ ਘਰ ਹਰਿਮੰਦਰ ਸਾਹਿਬ ਦੀ ਨੀਂਹ ਸੂਫੀ ਦਰਵੇਸ਼ ਹਜ਼ਰਤ ਸਾਂਈ ਮੀਆਂ ਮੀਰ ਜੀ ਨੇ ੧੩ ਅਪ੍ਰੈਲ ੧੫੮੯ ਨੂੰ ਰੱਖੀ, ਜਿਨ੍ਹਾਂ ਦੇ ਦਿਲ ਵਿਚ ਗੁਰੂ ਅਰਜਨ ਦੇਵ ਜੀ ਬਾਰੇ ਵੱਡਾ ਸਤਿਕਾਰ ਸੀ ਅਤੇ ਇਹ ਦੋਨੋਂ ਮਹਾਪੁਰਸ਼ ਅਧਿਆਤਮਮਿਕ ਸਾਂਝ ਕਾਰਨ ਇਕ ਦੂਜੇ ਦੇ ਬਹੁਤ ਨੇੜੇ ਸਨ, ਪਰਮ ਮਿੱਤਰ ਸਨ।ਮੀਆਂ ਮੀਰ ਜੀ ਦੀ ਗੱਦੀ ਦੇ ਮੌਜੂਦਾ ਗੱਦੀਨਸ਼ੀਨ ਪੀਰ ਕਾਦਰੀ ਅਨੁਸਾਰ ਇਹ ਦੋਸਤੀ ਦਾ ਰਿਸ਼ਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੋਂ ਪ੍ਰਾਰੰਭ ਹੋਇਆ ਕਿਉਂਕਿ ਜਦ ਮੀਆਂ ਮੀਰ ਜੀ ਲਾਹੌਰ ਅਨਾਰਕਲੀ ਮੁਹੱਲੇ ਕੋਲ ਆ ਕੇ ਆਬਾਦ ਹੋਏ ਤਾਂ ਉਹ ਅਕਸਰ ਚੂਨਾ ਮੰਡੀ ਲਾਹੌਰ ਵਿਖੇ ਤਸ਼ਰੀਫ਼ ਰੱਖ ਰਹੇ ਗੁਰੂ ਰਾਮਦਾਸ ਜੀ ਪਾਸ ਮਿਲਣ ਤੇ ਰੱਬੀ ਨੂਰ ਦੀਆਂ ਰਮਜ਼ਾਂ ਸਾਂਝੀਆਂ ਕਰਨ ਜਾਂਦੇ ਹੁੰਦੇ ਸਨ।ਪੀਰ ਜੀ ਅਨੁਸਾਰ ਉਸ ਵਕਤ ਵੀ ਗੁਰੂ ਰਾਮਦਾਸ ਜੀ ਦੀ ਇੱਛਾ ਸੀ ਕਿ ਉਹ ਇਕ ਅਜਿਹੇ ਹਰਿਮੰਦਰ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਜਿਹੜਾ ਹਰ ਕਿਸੇ ਮਨੁੱਖ ਲਈ ਬਿਨਾ ਕਿਸੇ ਭੇਦ ਭਾਵ ਦੇ ਖੁਲ੍ਹਾ ਹੋਵੇ ਤੇ ਉਸਦੀ ਨੀਂਹ ਵੀ ਉਹ ਕਿਸੇ ਉੱਚ ਪਾਏ ਦੇ ਰੱਬ ਦੇ ਭਗਤ ਤੋਂ ਰਖਵਾਣਾ ਚਾਹੁੰਦੇ ਸਨ।ਇਸ ਲਈ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ੧੫੮੯ ਈ. ਨੂੰ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਦੀ ਵਿਉਂਤ ਤੇ ਅਮਲ ਕਰਨਾ ਚਾਹਿਆ ਤਾਂ ਉਸਦੀ ਨੀਂਹ ਰੱਖਣ ਲਈ ਉਨ੍ਹਾਂ ਨੇ ਹਜ਼ਰਤ ਮੀਆਂ ਮੀਰ ਜੀ ਦੀ ਹੀ ਚੋਣ ਕੀਤੀ।
੧੦੧ ਸਿੱਖਾਂ ਨੂੰ ਬੜੇ ਚਾਅ ਨਾਲ ਲਾਹੌਰ ਵਿਖੇ ਮੀਆਂ ਮੀਰ ਜੀ ਨੂੰ ਸਤਿਕਾਰ ਨਾਲ ਅੰਮ੍ਰਿਤਸਰ ਲਿਆਉਣ ਲਈ ਭੇਜਿਆ ਗਿਆ ਜਿਨ੍ਹਾਂ ਨੇ ਪੀਰ ਜੀ ਨੂੰ ਇਕ ਪਾਲਕੀ ਵਿਚ ਬਿਰਾਜਮਾਨ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਤਕ ਆਪਣਾ ਮੋਢਾ ਦੇ ਕੇ ਲਿਆਂਦਾ।ਗੁਰੂ ਜੀ ਆਪਣੇ ਸਿੱਖਾਂ ਦੇ ਇਸ ਸਤਿਕਾਰੀ ਕਰਮ ਤੋਂ ਬਹੁਤ ਖੁਸ਼ ਹੋਏ।ਨੀਂਹ ਰੱਖਣ ਦਾ ਕਾਰਜ ਬੜੇ ਹੀ ਸਤਿਕਾਰੀ ਤੇ ਮਲਹਾਰੀ ਢੰਗ ਨਾਲ ਨੇਪਰੇ ਚੜ੍ਹਿਆ ਅਤੇ ਇਵੇਂ ਰੱਬ ਦੇ ਘਰ ਦੀ ਨੀਂਹ ਰੱਖਣ ਦੇ ਕਰਮ ਨਾਲ ਦੋ ਧਰਮਾਂ ਦਾ ਇਕ ਅਦੁੱਤੀ ਮੇਲ ਹੋਇਆ, ਸਦ ਭਾਵਨਾ ਬਣੀ ਤੇ ਰੱਬ ਦੀ ਜ਼ਾਤ ਨੂੰ ਪਿਆਰ ਕਰਨ ਵਾਲੇ ਇਨਸਾਨ ਇਕ ਦੂਜੇ ਦੇ ਹੋਰ ਨੇੜੇ ਹੋਏ।ਵਕਤ ਦੇ ਹਾਲਾਤਾਂ ਮੁਤਾਬਕ ਇਹ ਇਕ ਲਾਸਾਨੀ ਸੋਚ ਸੀ ਜਿਸ ਸਦਕਾ ਆਪਸੀ ਪਿਆਰ ਤੇ ਪਰਸਪਰ ਸਨੇਹ ਵਿਕਸਤ ਹੋਣ ਦੇ ਪਿੜ ਮੌਕਲੇ ਹੋਏ।
ਆਖਿਰ ਇੱਕ ਦਿਨ ਉਹ ਵੀ ਆਇਆ ਜਦ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਕੱਟੜਪੁਣੇ ਕਾਰਨ ਤੱਤੀਆਂ ਤਵੀਆਂ ਤੇ ਬੈਠਣਾ ਪਿਆ।ਇਹ ਘਨਾਉਣਾਂ ਜ਼ੁਲਮ ਵੇਖ ਕੇ ਮੀਆਂ ਮੀਰ ਜੀ ਦੀ ਰੂਹ ਕੰਬ ਉਠੀ।ਉਨ੍ਹਾਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਣ ਤੱਕ ਦੀ ਪੇਸ਼ਕਸ਼ ਕੀਤੀ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਬੇਨਤੀ ਕਰਕੇ ਫਰਮਾਇਆ ਕਿ ਉਹ ਅਕਾਲਪੁਰਖ ਦੇ ਭਾਣੇ ਵਿਚ ਬਹੁਤ ਪ੍ਰਸੰਨ ਹਨ ਇਸ ਲਈ ਕ੍ਰਿਪਾ ਕਰਕੇ ਇਸ ਵਿਚ ਖਲਲ ਨਾ ਪਾਇਆ ਜਾਵੇ।ਇਹ ਠੀਕ ਹੈ ਹਜ਼ਰਤ ਮੀਆਂ ਮੀਰ ਜੀ ਦੇ ਸਾਹਮਣੇ ਉਨ੍ਹਾਂ ਦੇ ਇੱਕ ਪਰਮ ਮਿੱਤਰ ਤੇ ਰੱਬੀ ਨੂਰ ਨੇ ਅਜ਼ੀਮ ਸਹੀਦੀ ਦਾ ਜਾਮ ਪੀਤਾ ਪਰ ਇਹ ਜੋ ਹਰਿਮੰਦਰ ਦੀ ਨੀਂਹ ਰੱਖਣ ਦੇ ਨਾਲ ਨਾਲ ਧਾਰਮਿਕ ਅਕੀਦਿਆਂ ਵਿਚ ਪਿਆਰ ਤੇ ਵਿਸ਼ਵਾਸ਼ ਦੀ ਨੀਂਹ ਰੱਖੀ ਗਈ, ਉਸ ਤੇ ਯੋਗ ਮਹਿਲ ਦੀ ਉਸਾਰੀ ਬਦਸਤੂਰ ਚਲਦੀ ਰਹੀ।
ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਛੇਵੇਂ ਪਾਤਸ਼ਾਹ, ਪੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਗੁਰਗੱਦੀ ਤੇ ਬਿਰਾਜੇ ਤਾਂ ਮੀਆਂ ਮੀਰ ਜੀ ਨੇ ਉਨ੍ਹਾਂ ਨੂੰ ਆਪਣਾ ਸਤਿਕਾਰ ਭੇਜਿਆ।ਮਗਰੋਂ ਗੁਰੂ ਸਾਹਿਬ ਪੀਰ ਜੀ ਨੂੰ ਮਿਲਣ ਲਈ ਲਾਹੌਰ ਗਏ ਤਾਂ ਪੀਰ ਜੀ ਨੇ ਉਨ੍ਹਾਂ ਦੇ ਸਤਿਕਾਰ ਵਿੱਚ ਅੱਗੇ ਹੋ ਕੇ ਉਨ੍ਹਾਂ ਨੂੰ ਘੋੜੇ ਤੋਂ ਆਪ ਉਤਾਰਿਆ ਅਤੇ ਆਪਣੇ ਦੋਨਾਂ ਹੱਥਾਂ ਦੀਆਂ ਤਲੀਆਂ ਉੱਤੇ ਸਤਿਗੁਰਾਂ ਦੇ ਚਰਨਾਂ ਨੂੰ ਸੁਭਾਇਮਾਨ ਕੀਤਾ ਤੇ ਉਸ ਤੋਂ ਮਗਰੋਂ ਹੀ ਸਤਿਗੁਰਾਂ ਦੇ ਚਰਨ ਧਰਤੀ ਨਾਲ ਸਪਰਸ਼ ਕਰ ਸਕੇ।ਉਸ ਸਮੇਂ ਗੁਰੂ ਸਾਹਿਬ ਦੀ ਉਮਰ ੧੨, ੧੩ ਸਾਲ ਦੀ ਸੀ ਤੇ ਪੀਰ ਜੀ ਆਪਣੀ ਬਜ਼ੁਰਗੀ ਵਿਚ ਸਨ।ਇਸ ਸਤਿਕਾਰ ਨੇ ਦੋਨਾਂ ਅਕੀਦਿਆਂ ਨੂੰ ਹੋਰ ਨੇੜਤਾ ਬਖਸ਼ੀ ਤੇ ਇਵੇਂ ਮਨੁੱਖੀ ਮਨਾਂ ਨੂੰ ਅਧਿਆਤਮਕ ਚਾਨਣ ਪ੍ਰਦਾਨ ਕਰਨ ਹਿਤ ਹਰਿਮੰਦਰ ਦੀ ਨੀਂਹ ਹੋਰ ਮਜਬੂਤ ਹੋਈ, ਪਿਆਰ ਵਿਕਸਤ ਹੋਇਆ।
ਇਹ ਆਪਸੀ ਪਿਆਰ, ਸਤਿਕਾਰ ਤੇ ਅਦਭੁਤ ਸਨੇਹ ਦੀ ਗੱਲ ਉਸ ਸਮੇਂ ਸਿਖਰਾਂ ਛੂਹ ਗਈ ਜਦ ਗਵਾਲੀਅਰ ਕਿਲ੍ਹੇ ਦੀ ਕੈਦ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਰਿਹਾਅ ਕਰਵਾਉਣ ਲਈ, ਮੀਆਂ ਮੀਰ ਜੀ ਨੂੰ ਖੁਦ ਚਲ ਕੇ ਜਹਾਂਗੀਰ ਦੇ ਦਰਬਾਰ ਵਿਚ ਜਾਣਾ ਪਿਆ ਤੇ ਉਸਨੂੰ ਖਰੀਆਂ ਖਰੀਆਂ ਸੁਣਾਈਆਂ।ਬਾਦਸ਼ਾਹ ਨੂੰ ਬੜੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਗੁਰੂ ਜੀ ਸ਼ਾਨ ਨਾਲ ਆਪ ਰਿਹਾਅ ਹੋਏ ਅਤੇ ਕਿਲ੍ਹੇ ਵਿੱਚ ਬੰਦੀ ਦੇ ਤੌਰ ਤੇ ਕੈਦ ਕੀਤੇ ਗਏ ਹੋਰ ੫੨ ਰਾਜਿਆਂ ਨੂੰ ਵੀ ਰਿਹਾਅ ਕਰਵਾ ਲਿਆਏ ਅਤੇ ਗਵਾਲੀਅਰ ਤੋਂ ਅੰਮ੍ਰਿਤਸਰ ਪਹੁੰਚੇ ਤੇ ਹਰਿਮੰਦਰ ਸਾਹਿਬ ਨੂੰ ਬੰਦੀ ਛੋੜ ਦਿਵਸ ਦੇ ਇਸ ਖੁਸ਼ੀਆਂ ਭਰੇ ਅਵਸਰ ਤੇ ਦੀਪ ਮਾਲਾ ਨਾਲ ਨੂਰੋ ਨੂਰ ਕਰ ਦਿੱਤਾ ਗਿਆ।
ਇਸ ਕਰਮ ਨਾਲ ਹਰਿਮੰਦਰ ਦੀ ਨੀਂਹ ਹੋਰ ਪੱਕੀ ਹੋਈ, ਆਪਸੀ ਸਨੇਹ ਮਜ਼ਬੂਤ ਹੋਇਆ।
ਅੱਜ ਦੇ ਦਿਨ ੧੩ ਜਨਵਰੀ ਨੂੰ ਆਓ ! ਰਲ-ਮਿਲ ਕੇ ਅਰਦਾਸਾਂ ਕਰੀਏ ਕਿ ਪਿਆਰ ਤੇ ਮਾਨਵੀ ਬਿਹਤਰੀ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਦੇਵ ਜੀ ਅਤੇ ਸੱਯਦ ਹਜ਼ਰਤ ਮੀਆਂ ਮੀਰ ਜੀ ਦੀ ਆਪਸੀ ਨਿਕਟਤਾ ਦਾ ਲਖਾਇਕ ਇਹ ਹਰਿਮੰਦਰ, ਮਨੁੱਖ ਮਾਤਰ ਲਈ ਖੁਸ਼ੀਆਂ ਖੇੜਿਆਂ ਅਤੇ ਅਧਿਆਤਮਕ, ਰੂਹਾਨੀ ਉਚਾਈਆਂ ਪ੍ਰਦਾਨ ਕਰਨ ਲਈ ਸਦਾ ਤਤਪਰ ਰਹੇ ਅਤੇ ਇਥੋਂ ਉਤਪੰਨ ਹੁੰਦੀ ਹਰ ਧੁਨੀ, ਹਰ ਤਰੰਗ, ਸਰਬੱਤ ਦੇ ਭਲੇ ਦੇ ਸਰਬ ਸਾਂਝੇ ਪੈਗਾਮ ਨੂੰ ਹੋਰ ਬਲ ਪ੍ਰਦਾਨ ਕਰੇ। ਸਰਬੱਤ ਦੇ ਭਲੇ ਲਈ ਨਨਕਾਣਾ ਸਾਹਿਬ ਅਤੇ ਲਾਹੌਰ ਦੀਆਂ ਸਿੱਖ-ਮੁਸਲਿਮ ਆਪਸੀ ਭਾਈਚਾਰੇ ਦੀਆਂ ਨੀਂਹਾਂ ਨੂੰ ਮਜ਼ਬੂਤ ਦੇਖਣ ਵਾਲੀਆਂ ਸੰਗਤਾਂ ਦਾ ਜੱਥਾ ਅੱਜ ਲਾਹੌਰ ਹਜ਼ਰਤ ਸਾਂਈ ਮੀਆਂ ਮੀਰ ਜੀ ਦੇ ਦਰਬਾਰ ਜਾ ਕੇ ਆਪਸੀ ਪਿਆਰ ਤੇ ਵਿਸ਼ਵ ਭਰ ਵਿਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਦੀਵਾ ਜਗਾਵੇਗਾ।
ਸੋ ਦਰੁ ਕੈਸੇ ਛੋਡੀਐ
ਜੋ ਦਰੁ ਐਸਾ ਹੋਇ॥
ਗਿਆਨੀ ਜਨਮ ਸਿੰਘ
ਸ੍ਰੀ ਨਨਕਣਾ ਸਾਹਿਬ
ਸੰਪਾਦਕ – ‘ਸਰਬੱਤ ਦਾ ਭਲਾ ਮੈਗਜ਼ੀਨ’