ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਪੁਲੀਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਸੂਬੇ ਭਰ ਵਿੱਚ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ 6,531 ਚਲਾਨ ਕੱਟੇ ਹਨ ਅਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ 560 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾ ਹੋਟਲ, ਮੈਰਿਜ ਪੈਲੇਸ, ਰੈਸਤਰਾਂ ਅਤੇ ਦੁਕਾਨਾਂ ਆਦਿ ਦੇ ਮਾਲਕਾਂ ਖ਼ਿਲਾਫ਼ ਹਨ। ਡੀਜੀਪੀ ਨੇ ਦੱਸਿਆ ਕਿ ਪੁਲੀਸ ਵੱਲੋਂ 19 ਮਾਰਚ ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਪੰਜਾਬ ਪੁਲੀਸ ਨੇ 6.9 ਲੱਖ ਤੋਂ ਵੱਧ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਆ ਅਤੇ ਲਗਪਗ ਇੱਕ ਲੱਖ ਲੋਕਾਂ ਨੂੰ ਮਾਸਕ ਨਾ ਪਹਿਨਣ ਲਈ ਜੁਰਮਾਨਾ ਕੀਤਾ।
ਪੁਲੀਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਤਰਨ ਤਾਰਨ ਪੁਲੀਸ ਨੇ ਰੈਸਤਰਾਂ ਅਰੇਬੀਅਨ ਕਬਾਬ, ਮਾਸਟਰ ਬਰਗਰ ਅਤੇ ਪੈਟਰੋਲ ਪੰਪ ਮਾਲਕਾਂ ਖ਼ਿਲਾਫ਼ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤੇ ਹਨ। ਇਸੇ ਤਰ੍ਹਾਂ ਬਰਨਾਲਾ ਪੁਲੀਸ ਨੇ ਰਾਇਲ ਗ੍ਰੀਨ ਰਿਜ਼ੌਰਟਜ਼ ਦੇ ਮਾਲਕ ਵਿਰੁੱਧ, ਹੁਸ਼ਿਆਰਪੁਰ ਪੁਲੀਸ ਨੇ ਰਾਤ ਦੇ ਕਰਫਿਊ ਦੇ ਸਮੇਂ ਦੌਰਾਨ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਸ਼ਰਾਬ ਪੀਂਦੇ ਤਿੰਨ ਵਿਅਕਤੀਆਂ ਵਿਰੁੱਧ ਅਤੇ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਰਮਾਡਾ ਹੋਟਲ, ਗੁਲਸ਼ਨ ਪੈਲੇਸ, ਤਾਜ ਰੈਸਤਰਾਂ ਤੇ ਯੰਮੀ ਫਾਸਟ ਫੂਡ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਡੀਜੀਪੀ ਨੇ ਲੋਕਾਂ ਨੂੰ ਦੇਸ਼ ਦੇ 15 ਹੋਰ ਰਾਜਾਂ ਵਿਚ ਆਇਦ ਪਾਬੰਦੀਆਂ ਵਾਂਗ ਹੀ ਸੂਬੇ ਵੱਲੋਂ ਨਿਰਧਾਰਤ ਪਾਬੰਦੀਆਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਗ੍ਰਿਫਤਾਰੀਆਂ ਅਤੇ ਵਾਹਨਾਂ ਨੂੰ ਜ਼ਬਤ ਕਰਨ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly