ਦੀਨਾਰਾ (ਸਮਾਜ ਵੀਕਲੀ) : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਤਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਉਤੇ ਬਿਠਾਉਣ ਤੋਂ ਇਲਾਵਾ ਕੀ ਉਨ੍ਹਾਂ ਮਹਿਲਾਵਾਂ ਲਈ ਕੋਈ ਹੋਰ ਕੰਮ ਕੀਤਾ ਹੈ। ਨਿਤੀਸ਼ ਲਗਾਤਾਰ ਲਾਲੂ ਨੂੰ ਚੋਣ ਪ੍ਰਚਾਰ ਦੌਰਾਨ ਨਿਸ਼ਾਨਾ ਬਣਾ ਰਹੇ ਹਨ। ਅੱਜ ਉਨ੍ਹਾਂ ਬਿਨਾਂ ਨਾਂ ਲਏ ਬਿਹਾਰ ਦੀ ਨੌਜਵਾਨ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਜਿਨ੍ਹਾਂ ਨੂੰ ਅਜੇ ਸਿਆਸਤ ਦਾ ਮੁੱਢਲਾ ਗਿਆਨ ਵੀ ਨਹੀਂ ਉਹ ਮਸ਼ਹੂਰੀ ਲਈ ਦਿਨ-ਰਾਤ ਮੇਰੇ ਖ਼ਿਲਾਫ਼ ਬਿਆਨ ਜਾਰੀ ਕਰ ਰਹੇ ਹਨ।’
ਨਿਤੀਸ਼ ਨੇ ਮਗਰੋਂ ਕਿਹਾ ਕਿ ਉਹ ਅਜਿਹੀ ਬਿਆਨਬਾਜ਼ੀ ਦੀ ਪ੍ਰਵਾਹ ਨਹੀਂ ਕਰਦੇ ਤੇ ਕੰਮ ਕਰਨ ਵਿਚ ਯਕੀਨ ਰੱਖਦੇ ਹਨ। ਔਰੰਗਾਬਾਦ ਤੇ ਰੋਹਤਾਸ ਜ਼ਿਲ੍ਹਿਆਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਬਿਨਾ ਨਾਂ ਲਏ ਤੇਜਸਵੀ ਯਾਦਵ ਤੇ ਐਲਜੇਪੀ ਆਗੂ ਚਿਰਾਗ ਪਾਸਵਾਨ ’ਤੇ ਨਿਸ਼ਾਨਾ ਸੇਧਿਆ। ਦੱਸਣਯੋਗ ਹੈ ਕਿ ਨਿਤੀਸ਼ ਬੁੱਧਵਾਰ ਤੋਂ ਚੋਣ ਇਕੱਠਾਂ ਨੂੰ ਸੰਬੋਧਨ ਕਰ ਰਹੇ ਹਨ ਤੇ ਪੂਰੇ ਬਿਹਾਰ ਦਾ ਗੇੜਾ ਲਾਉਣਗੇ। ਆਪਣੇ ਮੁੱਖ ਵਿਰੋਧੀ ਲਾਲੂ ’ਤੇ ਤਿੱਖਾ ਸ਼ਬਦੀ ਹੱਲਾ ਬੋਲਦਿਆਂ ਨਿਤੀਸ਼ ਨੇ ਕਿਹਾ ਕਿ ਉਨ੍ਹਾਂ ਔਰਤਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਸਾਹਮਣੇ ਅੰਕੜੇ ਰੱਖਦਿਆਂ ਕਿਹਾ ਕਿ 2005 ਦੇ ਅਖ਼ੀਰ ਵਿਚ ਜਦ ਐਨਡੀਏ ਨੇ ਸੱਤਾ ਸੰਭਾਲੀ ਤਾਂ ਹੀ ਸੂਬੇ ਵਿਚ ਸੁਧਾਰਾਂ ਦੀ ਇਕ ਲੜੀ ਸ਼ੁਰੂ ਹੋਈ।