ਐਡੀਲੇਡ (ਸਮਾਜ ਵੀਕਲੀ) : ਭਾਰਤ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਮੁਲਕ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਇੱਥੇ ਭਾਰਤੀ ਭਾਈਚਾਰੇ ਵੱਲੋਂ ਸਾਂਝਾ ਪ੍ਰਦਰਸ਼ਨ ਕੀਤਾ ਗਿਆ। ਐਡੀਲੇਡ ’ਚ ਕਰੀਬ ਤਿੰਨ ਘੰਟੇ ਪ੍ਰਦਰਸ਼ਨ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ, ਸਰਮਾਏਦਾਰੀ ਸਿਸਟਮ ਅਤੇ ਭਾਰਤ ਦੀ ਹੁਕਮਰਾਨ ਸਰਕਾਰ ਖ਼ਿਲਾਫ਼ ਨਾਅਰਿਆਂ ਵਾਲੀਆਂ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ।
ਇਸ ਮੌਕੇ ਬੁਲਾਰਿਆਂ ਨੇ ਭਾਰਤ ਦੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਕਥਿਤ ਹੈਂਕੜ ਵਾਲੇ ਵਤੀਰੇ ਅਤੇ ਦਿੱਲੀ ਪੁਲੀਸ ਵੱਲੋਂ ਕਿਸਾਨਾਂ ’ਤੇ ਦਰਜ ਝੂਠੇ ਪਰਚਿਆਂ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਕੌਮਾਂਤਰੀ ਪੱਧਰ ’ਤੇ ਆਵਾਜ਼ ਉਠੀ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਤਸ਼ੱਦਦ, ਧੱਕੇਸ਼ਾਹੀ ਦਾ ਵੀ ਜ਼ਿਕਰ ਹੋ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਖੇਤੀ ਕਨੂੰਨ ਰੱਦ ਕਰਨ, ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਕਾਨੂੰਨ ਬਣਾਉਣ ਅਤੇ ਕਿਸਾਨਾਂ ਤੇ ਨੌਜਵਾਨਾਂ ਖ਼ਿਲਾਫ਼ ਦਰਜ ਕਥਿਤ ਝੂਠੇ ਪਰਚੇ ਰੱਦ ਕਰਨ ਦੀ ਅਪੀਲ ਕੀਤੀ।