ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ 15 ਮਹਿਲਾਵਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਭੇਟ ਕੀਤੇ ਗਏ। ਇਨ੍ਹਾਂ ਮਹਿਲਾਵਾਂ ਨੇ ਸਮਾਜ ਵਿੱਚ ਸਾਰਥਿਕ ਤਬਦੀਲੀ ਲਈ ਯੋਗਦਾਨ ਦਿੱਤਾ ਹੈ। ਮਹਿਲਾ ਸ਼ਕਤੀਕਰਨ ਅਤੇ ਸਮਾਜ ਭਲਾਈ ਲਈ ਨਿਰੰਤਰ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਹਰ ਵਰ੍ਹੇ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਸਾਲ 2019 ਦੀਆਂ ਜੇਤੂ ਮਹਿਲਾਵਾਂ ਨੂੰ ਖੇਤੀਬਾੜੀ, ਖੇਡਾਂ, ਦਸਤਕਾਰੀ, ਵਣ-ਰੱਖਿਆ, ਜੰਗਲੀ ਜੀਵ ਰੱਖਿਆ, ਸਿੱਖਿਆ ਅਤੇ ਰੱਖਿਆ ਸੈਨਾਵਾਂ ਆਦਿ ਖੇਤਰਾਂ ਵਿੱਚ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਜੇਤੂਆਂ ਵਿੱਚ 103 ਵਰ੍ਹਿਆਂ ਦੀ ਮਾਨ ਕੌਰ ਸ਼ਾਮਲ ਹੈ, ਜਿਸ ਨੂੰ ‘ਚੰਡੀਗੜ੍ਹ ਦਾ ਕ੍ਰਿਸ਼ਮਾ’ ਵੀ ਕਿਹਾ ਜਾਂਦਾ ਹੈ। ਉਸ ਨੇ 93 ਸਾਲ ਦੀ ਉਮਰ ਵਿੱਚ ਆਪਣੇ ਅਥਲੈਟਿਕ ਕਰੀਅਰ ਦੀ ਸ਼ੁਰੂੁਆਤ ਕੀਤੀ। ਪੋਲੈਂਡ ਵਿੱਚ ਹੋਈ ਵਰਲਡ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਚਾਰ ਸੋਨ ਤਮਗੇ ਜਿੱਤਣ ਵਾਲੀ ਮਾਨ ਕੌਰ ਨੇ ਅਮਰੀਕਾ ਦੀਆਂ ਮਾਸਟਰਜ਼ ਗੇਮ, 2016 ਵਿੱਚ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਬਜ਼ੁਰਗ ਮਹਿਲਾ ਹੋਣ ਦਾ ਰਿਕਾਰਡ ਕਾਇਮ ਕੀਤਾ ਸੀ। ‘ਮਸ਼ਰੂਮ ਮਹਿਲਾ’ ਵਜੋਂ ਜਾਣੀ ਜਾਂਦੀ ਬੀਨਾ ਦੇਵੀ ਨੂੰ ਖੁੰਭਾਂ ਦੀ ਕਾਸ਼ਤ ਪ੍ਰਚੱਲਿਤ ਕਰਨ ਲਈ ਪੁਰਸਕਾਰ ਦਿੱਤਾ ਗਿਆ। 43 ਵਰ੍ਹਿਆਂ ਦੀ ਬੀਨਾ ਦੇਵੀ, ਜੋ ਧੌੜੀ ਪਿੰਡ ਦੀ ਸਰਪੰਚ ਵੀ ਸੀ, ਕਿਸਾਨਾਂ ਨੂੰ ਖੁੰਭਾਂ ਦੀ ਜੈਵਿਕ ਖੇਤੀ ਕਰਨ ਦੇ ਨਾਲ-ਨਾਲ ਖਾਦ ਬਣਾਉਣ ਦੇ ਕੁਦਰਤੀ ਢੰਗਾਂ ਬਾਰੇ ਸਿਖਲਾਈ ਦਿੰਦੀ ਹੈ।
ਜ਼ਿਲ੍ਹਾ ਕਾਨਪੁਰ ਤੇ ਨੇੜਲੇ ਪਿੰਡਾਂ ਵਿੱਚ ਚਾਰ ਹਜ਼ਾਰ ਤੋਂ ਵੱਧ ਪਖਾਨੇ ਉਸਾਰਨ ਵਾਲੀ 58 ਵਰ੍ਹਿਆਂ ਦੀ ਮਹਿਲਾ ਮਿਸਤਰੀ ਕਲਾਵਤੀ ਦੇਵੀ ਨੂੰ ਖੁੱਲ੍ਹੇ ਵਿੱਚ ਸ਼ੌਚ ਘਟਾਉਣ ਲਈ ਕੰਮ ਕਰਨ ਬਦਲੇ ਸਨਮਾਨਤ ਕੀਤਾ ਗਿਆ। ਕਬਾਇਲੀ ਮਹਿਲਾਵਾਂ, ਵਿਧਵਾਵਾਂ ਦੇ ਵਿਕਾਸ ਵਿੱਚ ਜੁੜੀ ਪਾਡਲਾ ਭੂਦੇਵੀ (40) ਨੂੰ 30 ਮਹਿਲਾਵਾਂ ਨੂੰ ਮਹਿੰਦੀ ਕੋਨ ਬਣਾਉਣੇ ਅਤੇ ਵਾਲਾਂ ਦੀ ਸੰਭਾਲ ਵਾਲੇ ਉਤਪਾਦ ਤਿਆਰ ਕਰਨ ਦੀ ਸਿਖਲਾਈ ਦੇਣ ਬਦਲੇ ਸਨਮਾਨਤ ਕੀਤਾ ਗਿਆ। ਅਰੀਫਾ ਜਾਨ (33) ਨੂੰ ਕਸ਼ਮੀਰ ਦੀ ਨੁਮਧਾ ਹਸਤ ਕਲਾ ਪ੍ਰਫੁੱਲਿਤ ਕਰਨ ਅਤੇ 25 ਜਣਿਆਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੀਆਂ ਤਨਖਾਹਾਂ 175 ਰੁਪਏ ਤੋਂ 450 ਰੁਪਏ ਕਰਨ ਲਈ ਸਨਮਾਨਿਤ ਕੀਤਾ ਗਿਆ।
ਝਾਰਖੰਡ ਦੀ ‘ਲੇਡੀ ਟਾਰਜ਼ਨ’ ਵਜੋਂ ਜਾਣੀ ਜਾਂਦੀ ਚਾਮੀ ਮੁਰਮੂ (47) ਨੂੰ 25 ਲੱਖ ਤੋਂ ਵੱਧ ਰੁੱਖ ਲਾਉਣ, ਜੰਗਲੀ-ਜੀਵਾਂ ਦੀ ਰੱਖਿਆ ਕਰਨ, ਜੰਗਲਾਂ ਨੂੰ ਬਚਾਉਣ ਅਤੇ ਮਹਿਲਾਵਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਨ ਬਦਲੇ ਸਨਮਾਨਿਤ ਕੀਤਾ ਗਿਆ। ‘ਅਲਚੀ ਕਿਚਨ’ ਨਾਂ ਦਾ ਰੇਸਤਰਾਂ ਚਲਾਉਂਦੀ ਕਾਰੋਬਾਰੀ ਨਿਲਜ਼ਾ ਵਾਂਗਮੋ (40) ਨੂੰ ਲੱਦਾਖ ਦਾ ਰਵਾਇਤੀ ਖਾਣਾ ਪ੍ਰਚੱਲਿਤ ਕਰਨ ਲਈ ਸਨਮਾਨਤ ਕੀਤਾ। ਇਨ੍ਹਾਂ ਤੋਂ ਇਲਾਵਾ ਰਸ਼ਮੀ ਉਰਧਵਰਦੇਸ਼ੀ (60), ਕੌਸ਼ਿਕੀ ਚੱਕਰਬਰਤੀ (38), ਅਵਾਨੀ ਚਤੁਰਵੇਦੀ (26), ਭਾਵਨਾ ਕੰਥ (27), ਮੋਹਾਨਾ ਸਿੰਘ ਜਿਤਰਵਾਲ (28), ਭਗੀਰਥੀ ਅੰਮਾ (105) ਅਤੇ ਜੁੜਵਾਂ ਭੈਣਾਂ ਤਾਸ਼ੀ ਅਤੇ ਨੌਂਗਸ਼ੀ ਮਲਿਕ (28) ਨੂੰ ਰਾਸ਼ਟਰਪਤੀ ਵਲੋਂ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ ਗਏ।
HOME ਨਾਰੀ ਦਿਵਸ: ਰਾਸ਼ਟਰਪਤੀ ਵਲੋਂ ਮਾਨ ਕੌਰ ਸਣੇ 15 ਮਹਿਲਾਵਾਂ ਨੂੰ ਨਾਰੀ ਸ਼ਕਤੀ...