ਨਾਨਕ ਹੱਟ ਤੋਂ ਲੈ ਕੇ ਗੁਰਦੁਆਰਾ ਸੰਤ ਘਾਟ ਤੱਕ ਇੰਟਰਲੋਕ ਲਗਾਉਣ ਦੀ ਕਾਰਸੇਵਾ ਮੁਕੰਮਲ

ਪਵਿੱਤਰ ਕਾਲੀਂ ਵੇਈਂ ਦੇ ਕਿਨਾਰੇ ਇੰਟਰਲੌਕ ਲਗਾਉਣ ਦੀ ਕਾਰਸੇਵਾ ਲਗਾਤਾਰ ਜਾਰੀ

ਸੁਲਤਾਨਪੁਰ ਲੋਧੀ, ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪਵਿੱਤਰ ਕਾਲੀ ਵੇਈਂ ਦੀ ਦਿੱਖ ਸੰਵਾਰਨ ਲਈ ਇਸ ਦੇ ਕਿਨਾਰਿਆਂ ‘ਤੇ ਇੰਟਰਲੌਕ ਲਗਾਉਣ ਦੀ ਕਾਰ ਸੇਵਾ ਲਗਾਤਾਰ ਜਾਰੀ ਹੈੈ। ਇਸ ਕਾਰਸੇਵਾ ਦੀ ਸ਼ੁਰੂਆਤ ਸਾਲ 2019 ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਮਹਾਂਪੁਰਸ਼ਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਕੀਤੀ ਗਈ ਸੀ। ਸੰਤ ਸੀਚੇਵਾਲ ਜੀ ਵੱਲੋਂ ਸੇਵਾਦਾਰਾਂ ਸਮੇਤ ਦਿਨ ਰਾਤ ਵੇਈਂ ਦੇ ਰਸਤਿਆਂ ਨੂੰ ਇੰਟਰਲੌਕ ਲਗਾ ਕੇ ਸੁੰਦਰ ਬਣਾਇਆ ਜਾ ਰਿਹਾ ਹੈ। ਰੈਸਟ ਹਾਊਸ ਤੋਂ ਗੁਰਦੁਆਰਾ ਸੰਤ ਘਾਟ ਸਾਹਿਬ ਤੱਕ ਇੰਟਰਲੌਕ ਲਗਾਈ ਜਾ ਚੱੁਕੀ ਹੈ।

ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਇਹ ਇੰਟਰਲੌਕ ਟਾਈਲਾਂ ਲਗਾਉਣ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਗਤਾਂ ਨੇ ਹੀ ਪਿਛਲੇ 20 ਸਾਲਾਂ ਤੋਂ ਚੱਲੀ ਆ ਰਹੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ। ਜਿੱਥੇ ਪਿੰਡਾਂ ਦੀਆਂ ਸੰਗਤਾਂ ਹੱਥੀ ਸੇਵਾ ਕਰਨ ਲਈ ਲਗਾਤਾਰ ਦ੍ਰਿੜ ਨਿਸ਼ਚੈ ਨਾਲ ਲੱਗੀਆਂ ਹੋਈਆਂ ਹਨ ਉਥੇ ਵਿਦੇਸ਼ਾ ਵਿੱਚ ਵਸਦੇ ਪੰਜਾਬੀਆਂ ਨੇ ਕਦੇ ਵੀ ਅਸੀਸਾਂ ਅਤੇ ਆਰਥਿਕ ਮੱਦਦ ਪੱਖੋਂ ਕਮੀ ਨਹੀਂ ਆਉਣ ਦਿੱਤੀ।

ਜਿਕਰਯੋਗ ਹੈ ਕਿ ਸਾਲ 2019 ਦੌਰਾਨ ਜਦੋਂ ਕਿ 550 ਸਾਲਾ ਸਮਾਗਮਾਂ ਦੌਰਾਨ ਸੂਬਾ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਵੇਈਂ ਦੇ ਕਿਨਾਰਿਆਂ ‘ਤੇ ਗਰਿਲ ਲਗਾਈ ਸੀ ਤਾਂ ਵੇਈਂ ਦੇ ਰਸਤੇ ਪੁੱਟ ਦਿੱਤੇ ਗਏ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ਲਾਪ੍ਰਵਾਹੀ ਨਾਲ ਜਿੱਥੇ ਲਗਾਤਾਰ ਸੰਗਤਾਂ ਇੱਥੋਂ ਦੀ ਲੰਘਣ ਵਿੱਚ ਔਖਿਆਈ ਆਈ ਉੱਥੇ ਹੀ ਰੁੱਖਾਂ ਨੂੰ ਪਾਣੀ ਲਗਾਉਣ ਵਾਲੀਆਂ ਪਾਈਪ ਤੇ ਰਾਤ ਵੇਲੇ ਸੰਗਤਾਂ ਦੀ ਖਿੱਚ ਦੇ ਕੇਂਦਰ ਬਣੇ ਘੜੇ ਦੇ ਗਲੋਬਾਂ ਦੀ ਬਿਜਲੀ ਦੀ ਸਪਲਾਈ ਵੀ ਨੁਕਸਾਨੀ ਗਈ ਸੀ। ਲੰਮਾਂ ਸਮੇਂ ਤੋਂ ਸੰਗਤਾਂ ਇਸਦਾ ਸੰਤਾਪ ਭੋਗਦੀਆਂ ਆ ਰਹੀਆਂ ਸਨ।

ਇਸ ਲਈ ਹੁਣ ਸੰਗਤਾਂ ਦੇ ਸਹਿਯੋਗ ਨਾਲ ਦੁਬਾਰਾ ਤੋਂ ਰਸਤਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਖਾਲੀਆਂ ਬਣਾਈਆਂ ਜਾ ਰਹੀਆਂ ਹਨ, ਨਾਲ ਹੀ ਪਾਣੀ ਦੀ ਪਾਈਪ ਲਾਈਨ ਦੁਬਾਰਾ ਨਵੇਂ ਸਿਰੇ ਤੋਂ ਪਾਈ ਜਾ ਰਹੀ ਹੈ ਅਤੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਜਾ ਰਹੀ ਹੈ। ਇਹਨਾਂ ਚੱਲ ਰਹੀਆਂ ਸੇਵਾਵਾਂ ਵਿੱਚ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਪਣਾ ਬਣਦਾ ਹਿੱਸਾ ਪਾ ਰਹੀਆਂ ਹਨ ਉੱਥੇ ਹੀ ਸੇਵਾਦਾਰ ਗੁਰਦੀਪ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ, ਸੁਖਜੀਤ ਸਿੰਘ, ਵਰਿੰਦਰ ਸਿੰਘ, ਮਨਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਤੇਜਿੰਦਰ ਸਿੰਘ, ਚੰਨਪ੍ਰੀਤ ਸਿੰਘ, ਤਰਲੋਕ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ਼ ਦੇ ਬੱਚਿਆਂ ਵੱਲੋਂ ਦਿਨ ਰਾਤ ਚੱਲ ਰਹੀ ਇਸ ਕਾਰਸੇਵਾ ਵਿਚ ਹਿੱਸਾ ਪਾਇਆ ਜਾ ਰਿਹਾ ਹੈ।

Previous articleਅੱਕ
Next articleਮੌਕੇ ਤੇ ਚੌਕਾ