ਨਾਜਾਇਜ਼ ਮਾਈਨਿੰਗ: ‘ਆਪ’ ਵਰਕਰ ਤੇ ਕਰੱਸ਼ਰ ਮਾਲਕ ਆਹਮੋ-ਸਾਹਮਣੇ

ਨੂਰਪੁਰ ਬੇਦੀ (ਸਮਾਜ ਵੀਕਲੀ) : ਸੁਆ ਨਦੀ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਸਬੰਧੀ ਅੱਜ ‘ਆਪ’ ਦੇ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੇ ਪਿੰਡ ਸੈਂਸੋਵਾਲ ਨੇੜੇ ਪੈਂਦੀ ਸੁਆਂ ਨਦੀ ਦੇ ਪੁਲ ’ਤੇ 48 ਘੰਟੇ ਲਈ ਧਰਨਾ ਲਗਾ ਦਿੱਤਾ ਹੈ।

‘ਆਪ’ ਵਰਕਰ ਅਤੇ ਖੇਤਰ ਦਾ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਸੈਂਸੋਵਾਲ, ਸੁਆੜਾ ਅਤੇ ਐਲਗਰਾਂ ਵਿੱਚ ਖਣਨ ਮਾਫੀਆ ਵੱਲੋਂ ਸੁਆ ਨਦੀ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਬੰਦ ਕਰਵਾ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾਂ ਦੀ ਕੋਈ ਸਰਕਾਰੀ ਬੋਲੀ ਨਹੀਂ ਕੀਤੀ ਗਈ ਹੈ।

ਧਰਨੇ ਦੌਰਾਨ ਅੱਜ ਕਰੱਸ਼ਰ ਮਾਲਕਾਂ ਦੀ ਹੰਗਾਮੀ ਮੀਟਿੰਗ ਹੋਈ। ਕਰੱਸ਼ਰ ਮਾਲਕਾਂ ਜੀਵਨ ਕੁਮਾਰ ਸੰਜੂ, ਦਲਵੀਰ ਸਿੰਘ, ਤਜਿੰਦਰ ਸਿੰਘ ਕਾਹਲੋਂ, ਲੰਬੜਦਾਰ ਭਜਨ ਸਿੰਘ ਸੁਆੜਾ, ਗੁਰਮੀਤ ਸਿੰਘ, ਫਤਿਹ ਸਿੰਘ, ਦਲਜੀਤ ਸਿੰਘ ਭਿੰਡਰ, ਮਨਦੀਪ ਸਿੰਘ ਸੰਘਾ, ਤੇਜਿੰਦਰ ਸਿੰਘ ਸੰਘੇੜਾ, ਤਲਵਿੰਦਰ ਸਿੰਘ ਕਾਕੂ ਤੇ ਰਿੰਕੂ ਨੇ ਕਿਹਾ,‘ਅਸੀਂ ਸਰਕਾਰ ਵੱਲੋਂ ਦਿੱਤੀ ਗਈ ਮਨਜ਼ੂਰੀ ’ਤੇ ਹੀ ਮਾਈਨਿੰਗ ਕਰਕੇ ਕਰੱਸ਼ਰ ਇੰਡਸਟਰੀ ਚਲਾ ਰਹੇ ਹਾਂ।’ ਉਨ੍ਹਾਂ ਦੋਸ਼ ਲਗਾਇਆ ਕਿ ਧਰਨੇ ਲਗਾਉਣ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਪਹਿਲਾਂ ਸਟੋਨ ਕਰੱਸ਼ਰ ਸਨ ਅਤੇ ਉਨ੍ਹਾਂ ਵਿਰੁੱਧ ਕਈ ਪਰਚੇ ਵੀ ਦਰਜ ਹਨ ਉਹ ਉਨ੍ਹਾਂ ਖਿਲਾਫ ਬੋਲ ਰਹੇ ਹਨ। ਕਰੱਸ਼ਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੈਰਕਾਨੂੰਨੀ ਮਾਈਨਿੰਗ ਦਾ ਪ੍ਰਚਾਰ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ।

ਸਟੋਨ ਕਰੱਸ਼ਰ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।‘ਆਪ’ ਦੇ ਸੰਜੀਵ ਰਾਣਾ ਨੰਗਲ ਅਤੇ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਨਾਜਾਇਜ਼ ਖਣਨ ਨਾਲ ਕਿਰਸਾਨੀ ’ਤੇ ਵੀ ਮਾੜਾ ਅਸਰ ਪਿਆ ਹੈ। ਕਿਸਾਨਾਂ ਵੱਲੋਂ ਸਿੰਜਾਈ ਲਈ ਲਗਾਏ ਗਏ ਬੋਰ ਦੇ ਪਾਣੀ ਦਾ ਲੈਵਲ ਡੂੰਘਾ ਹੋਇਆ ਹੈ। ਧਰਨੇ ਵਿੱਚ ਪਿੰਡ ਪੱਤੀ ਦੁਲਚੀ ਹਰਸਾ ਬੇਲਾ ਤੋਂ ਬਾਬਾ ਸਰੂਪ ਸਿੰਘ, ਭਾਗ ਸਿੰਘ, ਸਾਬਕਾ ਸਰਪੰਚ ਅਜ਼ਮੇਰ ਸਿੰਘ, ਸ਼ਿਵ ਸਿੰਘ ਬੇਲ ਤੋਂ ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਚਰਨ ਸਿੰਘ ਸੈਂਸੋਵਾਲ ਤੇ ਜਸਵੰਤ ਸਿੰਘ ਬੇਲਾ ਆਦਿ ਹਾਜ਼ਰ ਸਨ।

Previous articleਸਾਬਕਾ ਵਿਧਾਇਕ ਮਰਾਹੜ ਦਾ ਕਰੋਨਾ ਕਾਰਨ ਦੇਹਾਂਤ
Next articleਮਿੱਡ-ਡੇਅ ਮੀਲ ਕੁੱਕ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ