ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਵੀਂ ਸਿੱਖਿਅਾ ਨੀਤੀ (ਐੱਨਈਪੀ) ‘ਕਿਵੇਂ ਸੋਚਣਾ ਹੈ’ ਊੱਪਰ ਕੇਂਦਰਿਤ ਹੈ, ਜਦਕਿ ਮੁਲਕ ਦੀ ਹੁਣ ਤੱਕ ਦੀ ਸਿੱਖਿਆ ਪ੍ਰਣਾਲੀ ਨੇ ‘ਕੀ ਸੋਚਣਾ ਹੈ’ ਊੱਪਰ ਹੀ ਜ਼ੋਰ ਦਿੱਤਾ ਹੈ। ਨੀਤੀ ਨੂੰ ‘ਨਵੇਂ ਭਾਰਤ’ ਦੀ ਨੀਂਹ ਦੱਸਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਭਾਈਵਾਲਾਂ ਨੂੰ ਨਵੀਂ ਨੀਤੀ ਵਿਚਲੇ ਸੁਧਾਰਾਂ ਨੂੰ ਲਾਗੂ ਕਰਨ ਵੱਲ ਧਿਆਨ ਦੇਣ ਲਈ ਆਖਿਆ।
ਊਨ੍ਹਾਂ ਕਿਹਾ, ‘‘ਨਵੀਂ ਸਿੱਖਿਆ ਨੀਤੀ ਨੇ ਸਿਹਤਮੰਦ ਵਿਚਾਰ-ਚਰਚਾ ਨੂੰ ਜਨਮ ਦਿੱਤਾ ਹੈ ਅਤੇ ਅਸੀਂ ਜਿੰਨੀ ਵੱਧ ਚਰਚਾ ਕਰਾਂਗੇ, ਓਨਾ ਹੀ ਸਿੱਖਿਆ ਵਿਭਾਗ ਦਾ ਫ਼ਾਇਦਾ ਹੋਵੇਗਾ। ਇਹ ਸਪੱਸ਼ਟ ਹੈ ਕਿ ਏਨੀ ਵੱਡੀ ਯੋਜਨਾ ਨੂੰ ਲਾਗੂ ਕਰਨ ਬਾਰੇ ਸਵਾਲ ਖੜ੍ਹੇ ਹੋਣਗੇ। ਅਸੀਂ ਸਾਰੇ ਰਲ ਕੇ ਇਸ ਨੂੰ ਲਾਗੂ ਕਰਾਂਗੇ। ਤੁਸੀਂ ਸਾਰੇ ਸਿੱਧੇ ਤੌਰ ’ਤੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਨਾਲ ਜੁੜੇ ਹੋਏ ਹੋ। ਸਿਆਸੀ ਇੱਛਾਸ਼ਕਤੀ ਦੇ ਮਾਮਲੇ ਵਿੱਚ ਮੈਂ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ ਅਤੇ ਤੁਹਾਡੇ ਨਾਲ ਹਾਂ।’’
ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਵੀਡੀਓ ਲਿੰਕ ਰਾਹੀਂ ‘ਕੌਮੀ ਸਿੱਖਿਆ ਨੀਤੀ ਤਹਿਤ ਊਚੇਰੀ ਸਿੱਖਿਆ ਵਿੱਚ ਸੁਧਾਰਾਂ’ ਬਾਰੇ ਕਨਕਲੇਵ ਦੇ ਊਦਘਾਟਨੀ ਭਾਸ਼ਣ ਮੌਕੇ ਕੀਤੀਆਂ। ਇਹ ਕਨਕਲੇਵ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਤੇ ਯੂੂਜੀਸੀ ਵਲੋਂ ਕਰਵਾਇਆ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਕਈ ਵਰ੍ਹਿਆਂ ਤੋਂ ਕੋਈ ਮੁੱਖ ਤਬਦੀਲੀ ਨਹੀਂ ਹੋਈ ਸੀ।
ਸਿੱਟੇ ਵਜੋਂ, ਊਤਸੁਕਤਾ ਅਤੇ ਕਲਪਨਾ ਦੀਆਂ ਸ਼ਕਤੀਆਂ ਨੂੰ ਊਤਸ਼ਾਹਿਤ ਕਰਨ ਦੀ ਬਜਾਏ ਹਜੂਮੀ ਮਾਨਸਿਕਤਾ ਵਧਦੀ ਗਈ। ਊਨ੍ਹਾਂ ਅੱਗੇ ਕਿਹਾ, ‘‘ਹੁਣ ਤੱਕ ਅਸੀਂ ਕੀ ਸੋਚਣਾ ਹੈ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਜਦਕਿ ਨਵੀਂ ਸਿੱਖਿਆ ਨੀਤੀ 2020 ਕਿਵੇਂ ਸੋਚਣਾ ਹੈ ’ਤੇ ਕੇਂਦਰਿਤ ਹੋਵੇਗੀ। ਇਸ ਵੇਲੇ ਜਦੋਂ ਸੂਚਨਾ ਅਤੇ ਸਮੱਗਰੀ ਦਾ ਹੜ੍ਹ ਆਇਆ ਹੋਇਆ ਹੈ, ਤਾਂ ਇਹ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਕਿਹੜੀ ਜਾਣਕਾਰੀ ਜ਼ਰੂਰੀ ਹੈ ਅਤੇ ਕਿਹੜੀ ਨਹੀਂ। ਸਾਨੂੰ ਸਿੱਖਿਆ ਦੇੇਣ ਦੇ ਜਾਂਚ ਅਾਧਾਰਿਤ, ਖੋਜ-ਅਾਧਾਰਿਤ ਅਤੇ ਵਿਸ਼ਲੇਸ਼ਣ-ਆਧਾਰਿਤ ਤਰੀਕਿਆਂ ਦੀ ਲੋੜ ਹੈ। ਇਸ ਨਾਲ ਸਿੱਖਣ ਅਤੇ ਜਮਾਤ ਵਿੱਚ ਹਿੱਸਾ ਲੈਣ ਦੀ ਰੁਚੀ ਵਧੇਗੀ।’’ ਮੋਦੀ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਨਵੀਂ ਸਿੱਖਿਆ ਨੀਤੀ ਤੋਂ ਬਾਅਦ ਕਿਸੇ ਵੀ ਖੇਤਰ ਜਾਂ ਵਰਗ ਨੇ ਇਹ ਨਹੀਂ ਕਿਹਾ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਹੈ, ਜਾਂ ਫਿਰ ਇਹ ਇਕਪਾਸੜ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਹਸਤ ਕਲਾ ਦਿਵਸ ਮੌਕੇ ਟਵੀਟ ਕਰਦਿਆਂ ਦੇਸ਼ ਦੇ ਹੱਥੀਂ ਕੰਮ ਕਰਨ ਵਾਲੇ ਖੇਤਰ ਨੂੰ ਸਲਾਮ ਕੀਤਾ ਅਤੇ ਲੋਕਾਂ ਨੂੰ ਹਸਤਕਾਰੀ ਦੇ ਊਤਪਾਦਾਂ ਦਾ ਪ੍ਰਚਾਰ ਕਰਕੇ ਆਤਮਨਿਰਭਰਤਾ ਦੇ ਸੰਕਲਪ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।