ਬਟਾਲਾ (ਸਮਾਜ ਵੀਕਲੀ) : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇੱਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਰਗਾੜੀ ਕਾਂਡ ਲਈ ਜਾਂਚ ਬਣਾਈ ‘ਸਿਟ’ ਨੂੰ ਜੋ ਸਮਾਂ ਦਿੱਤਾ ਗਿਆ ਹੈ, ਉਹ ਥੋੜ੍ਹਾ ਜਿਹਾ ਪ੍ਰੇਸ਼ਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿਟ ਨੂੰ ਜਾਂਚ ਲਈ ਛੇ ਮਹੀਨੇ ਦਾ ਸਮਾਂ ਦੇਣ ਵਾਲੀ ਗੱਲ ਜੱਚ ਨਹੀਂ ਰਹੀ, ਕਿਉਂਕਿ ਪੰਜਾਬ ਦੇ ਲੋਕ ਇਸ ਨਾਜ਼ੁਕ ਮਸਲੇ ਦਾ ਨਿਬੇੜਾ ਜਲਦੀ ਚਾਹੁੰਦੇ ਹਨ। ਉਂਜ ਉਨ੍ਹਾਂ ਸਰਕਾਰ ਵੱਲੋਂ ਨਵੀਂ ਬਣਾਈ ‘ਸਿਟ’ ਦਾ ਸਵਾਗਤ ਕੀਤਾ ਹੈ।
ਸ੍ਰੀ ਬਾਜਵਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹੋ ਸਕਦਾ ਨਵੀਂ ਬਣੀ ‘ਸਿੱਟ’ ਦੇ ਅਧਿਕਾਰੀ ਦੋ-ਚਾਰ ਮਹੀਨਿਆਂ ਵਿੱਚ ਜਾਂਚ ਮੁਕੰਮਲ ਕਰ ਲੈਣ। ਉਨ੍ਹਾਂ ‘ਸਿਟ’ ਦੇ ਇੰਚਾਰਜ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹ ਕਿਸੇ ਸਮੇਂ ਬਟਾਲਾ ਦੇ ਐੱਸਐੱਸਪੀ ਵੀ ਰਹੇ ਹਨ। ਉਨ੍ਹਾਂ ਨੂੰ ਉਸ ਅਧਿਕਾਰੀ ਦੇ ਕੰਮ ਕਰਨ ਦੀ ਕਾਬਲੀਅਤ ਅਤੇ ਵਫ਼ਾਦਾਰੀ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਟ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਜਾਂਚ ਰਿਪੋਰਟ ਮਿਲ ਜਾਂਦੀ ਹੈ ਤਾਂ ਸਰਕਾਰ ਇਸ ਕੇਸ ਨੂੰ ਕਿਸੇ ਫਾਸਟ ਟ੍ਰੈਕ ਅਦਾਲਤ ’ਚ ਲਗਾ ਕੇ ਦਾ ਨਿਬੇੜਾ ਕਰੇ। ਅਜਿਹਾ ਨਾ ਹੋਵੇ ਕਿ ਇਹ ਮਾਮਲਾ ਹਮੇਸ਼ਾ ਲਟਕਿਆ ਰਹੇ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੱਧੂ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਪੁੱਛਣ ’ਤੇ ਉਨ੍ਹਾਂ ਆਖਿਆ ਕਿ ਉਹ ਦੋਵੇਂ ਸੀਨੀਅਰ ਆਗੂ ਹਨ, ਪਰ ਚੰਗਾ ਹੋਵੇ ਜੇਕਰ ਅਜਿਹੇ ਮਾਮਲੇ ਪਾਰਟੀ ਹਾਈ ਕਮਾਨ ਕੋਲ ਵਿਚਾਰੇ ਜਾਣ। ਕਰੋਨਾ ਦੇ ਵੱਧਦੇ ਕੇਸਾਂ ਬਾਰੇ ਉਨ੍ਹਾਂ ਕਿਹਾ ਆਉਣ ਵਾਲਾ ਸਮਾਂ ਬੜਾ ਨਾਜ਼ੁਕ ਹੈ। ਪੰਜਾਬ ਸਰਕਾਰ ਕਰੋਨਾ ਨਾਲ ਨਜਿੱਠਣ ਲਈ ਗੰਭੀਰ ਹੈ ਪਰ ਲੋਕਾਂ ਵੱਲੋਂ ਬਣਦਾ ਸਹਿਯੋਗ ਨਹੀਂ ਮਿਲ ਰਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly