(ਸਮਾਜ ਵੀਕਲੀ)
ਪਿਆਰੇ ਦੋਸਤੋ !
ਕੋਰੋਨਾ ਮਹਾਂਮਾਰੀ ਨੋ ਦਸੰਬਰ 2019 ਤੋਂ ਲੈ ਕੇ ਅੱਜ ਤੱਕ ਪੂਰੀ ਮਨੁੱਖਤਾ ‘ਤੇ ਕਹਿਰ ਵਰਤਾਇਆਂ ਹੋਇਆ ਹੈ। ਮਹਾਂਮਾਰੀ ਦਾ ਵਿਕਰਾਲ ਰੂਪ ਧਾਰ ਚੁੱਕਿਆ ਕੋਵਿੱਡ 19 ਨਾਮ ਦਾ ਇਹ ਵਾਇਰਸ ਆਪਣੇ ਰੂਪ ਬਦਲ ਬਦਲ ਕੇ ਮਨੁੱਖਤਾ ‘ਤੇ ਵਾਰ ਵਾਰ ਹੱਲਾ ਬੋਲ ਰਿਹਾ ਹੈ। ਕਦੀ ਕੌਵਿੱਡ 19, ਕਦੀ ਦੱਖਣੀ ਅਫ਼ਰੀਕਾ, ਯੂ ਕੇ ਸਟਰੇਨ ਤੇ ਹੁਣ ਇੰਡੀਅਨ ਵਾਇਰਸ ਦੇ ਨਾਮ ਵਜੋਂ ਹਰ ਪਾਸੇ ਖ਼ੌਫ਼ ਦਾ ਮੰਜਰ ਪੈਦਾ ਕਰ ਰਿਹਾ ਹੈ । ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਸਿਹਤ ਮਾਹਿਰਾਂ ਵੱਲੋਂ ਨੇੜਲੇ ਭਵਿੱਖ ਚ ਕਿਸੇ ਹੋਰ ਅਜਿਹੇ ਕੌਰੋਨਾ ਵਾਇਰਸ ਦੇ ਫੈਲਣ ਦੀਆਂ ਪੇਸ਼ੀਨਗੋਈਆਂ ਵੀ ਕੀਤੀਆ ਜਾ ਰਹੀਆ ਹਨ ਜੋ ਛੋਟੇ ਬੱਚਿਆ ਨੂੰ ਵੀ ਆਪਣੀ ਲਪੇਟ ਚ ਲਵੇਗਾ। ਬੇਸ਼ੱਕ ਇਸ ਮਹਾੰਮਾਰੀ ਦੀ ਰੋਕਥਾਮ ਵਾਸਤੇ ਟੀਕਿਆਂ ਦੇ ਰੂਪ ਚ ਬਹੁਤ ਸਾਰੀਆਂ ਦਵਾਈਆਂ ਜਿਵੇਂ ਪਫਾਈਜਰ, ਕੌਵਲ਼ੀਲਡ, ਸਪੂਤਨਿਕ, ਚਾਈਨਾ ਵੈਕਸੀਨ ਆਦਿ ਦੀ ਖੋਜ ਕਰ ਲਈ ਗਈ ਹੈ ਤੇ ਹੋਰ ਦਵਾਈਆਂ ਦੀ ਖੋਜ ਵਾਸਤੇ ਟ੍ਰਾਇਲ ਕੀਤੇ ਜਾ ਰਹੇ ਹਨ । ਇਹ ਵੀ ਗੱਲ ਸਹੀ ਹੈ ਕਿ ਬਹੁਤ ਸਾਰੇ ਮੁਲਕਾਂ ਵੱਲੋਂ ਇਸ ਮਹਾਂਮਾਰੀ ‘ਤੇ ਕਾਬੂ ਪਾ ਲਿਆ ਗਿਆ ਹੈ ਜਦ ਕਿ ਦੁਨੀਆ ਦੇ ਬਹੁਤੇ ਦੇਸ਼ਾਂ ਚ ਇਸ ਬੀਮਾਰੀ ਨਾਲ ਮੌਤਾਂ ਦੇ ਰੋਜ਼ਾਨਾ ਹੀ ਸੱਥਰ ਵਿਛ ਰਹੇ ਹਨ, ਖ਼ਾਸ ਕਰ ਭਾਰਤ ਵਿੱਚ ਇਸ ਮਹਾਂਮਾਰੀ ਦੀ ਦੂਸਰੀ ਲਹਿਰ ਕਾਰਨ ਹਾਲਾਤ ਬਹੁਤ ਨਾਜੁਕ ਤੇ ਦਰਦਨਾਕ ਬਣੇ ਹੋਏ ਹਨ । ਇੱਥੇ ਨਾ ਹੀ ਪੀੜਤਾਂ ਨੂੰ ਦਵਾਈਆਂ ਮਿਲ ਰਹੀਆ ਹਨ, ਨਾ ਬੈੱਡ ਤੇ ਨਾ ਹੀ ਆਕਸੀਜਨ ਮਿਲ ਰਹੀ ਹੈ। ਇਸ ਤੋ ਵੀ ਹੋਰ ਅੱਗੇ ਹਾਲਾਤ ਇਥੋਂ ਤੱਕ ਬਦਤਰ ਹੋ ਚੁੱਕੇ ਹਨ ਕਿ ਕੌਰੋਨਾ ਨਾਲ ਮਰਨ ਵਾਲੇ ਮਿਰਤਕਾਂ ਦੀਆ ਲਾਸ਼ਾਂ ਦਾ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਘਾਟਾਂ ‘ਤੇ ਕਤਾਰਾਂ ਲੱਗੀਆ ਹੋਈਆ ਨਜ਼ਰ ਆ ਰਹੀਆਂ ਹਨ।
ਇਸ ਤਰਾਂ ਦੇ ਮਾਹੌਲ ਚ ਲੋਕਾਂ ਨੂੰ ਕੌਰੋਨਾ ਮਹਾਂਮਾਰੀ ਦੇ ਬਾਰੇ ਤਫ਼ਸੀਲ ਚ ਜਾਣਕਾਰੀ ਦੀ ਸਖ਼ਤ ਜ਼ਰੂਰਤ ਸੀ ਜਿਸ ਨੂੰ ਧਿਆਨ ਚ ਰੱਖਦਿਆਂ ਬਹੁਤ ਹੀ ਮਿਹਨਤ ਨਾਲ ਆਪਣੀ ਨਵੀਂ ਪੁਸਤਕ “ਕੌਰੋਨਾ ਕੌਵਿੱਡ 19 – ਇਕ ਨਵੇਂ ਜੁੱਗ ਦੀ ਸ਼ੁਰੂਆਤ” ਦੀ ਰਚਨਾ ਕੀਤੀ ਗਈ ਹੈ।
ਮੇਰੀ ਇਸ ਪੁਸਤਕ ਵਿੱਚ ਕੌਰੋਨਾ ਮਹਾਂਮਾਰੀ ਨੂੰ ਬਹੁਪੱਖੀ ਪਹਿਲੂਆਂ ਤੋਂ ਵਿਚਾਰਿਆ ਗਿਆ ਹੈ । ਇਸ ਤਰਾਂ ਦੀਆ ਮਹਾਂਮਾਰੀਆ ਦੇ ਫੈਲਣ ਦੇ ਕੀ ਕਾਰਨ ਹਨ, ਸੰਸਾਰ ਚ ਹੁਣ ਤੱਕ ਕਿੰਨੀਆਂ ਕਿ ਮਹਾਂਮਾਰੀਆ ਫੈਲੀਆ ਤੇ ਉਹਨਾਂ ਨਾਲ ਕਿੰਨਾ ਕੁ ਅਤੇ ਕਿਓਂ ਨੁਕਸਾਨ ਹੋਇਆ, ਮਹਾਂਮਾਰੀਆ ਮਨੁੱਖੀ ਮਾਨਸਿਕ, ਆਰਥਿਕ, ਸਮਾਜਿਕ, ਸਾਹਿਤਕ, ਬੌਧਿਕ ਤੇ ਹੋਰ ਪਹਿਲੂਆਂ ਨੂੰ ਕਿਵੇਂ ਬੁਰੀ ਤਰਾਂ ਪਰਭਾਵਤ ਕਰਦੀਆਂ ਹਨ, ਮਹਾਂਮਾਰੀਆਂ ਫੈਲਣ ਤੋਂ ਪਹਿਲਾਂ ਕਿਹੜੇ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ ਤੇ ਜੇਕਰ ਫੈਲ ਜਾਣ ਤਾਂ ਇਹਨਾਂ ਨੂੰ ਕਾਬੂ ਕਰਨ ਦੇ ਅਸਰਦਾਰ ਢੰਗ ਕੀ ਹਨ, ਕੀ ਕੌਰੋਨਾ ਸੱਚਮੁੱਚ ਚ ਹੀ ਇਕ ਮਹਾਂਮਾਰੀ ਹੈ ਜਾਂ ਫਿਰ ਇਸ ਮਹਾਂਮਾਰੀ ਦੇ ਪਿੱਛੇ ਸੰਸਾਰ ਚ ਕੋਈ ਹੋਰ ਹੀ ਖੇਡ ਖੇਡੀ ਜਾ ਰਹੀ ਹੈ ?ਆਦਿ ਸਮੁੱਚੇ ਪਹਿਲੂਆਂ ਦਾ ਵਿਸਥਾਰ ਵੇਰਵਾ ਦਰਜ ਕੀਤਾ ਗਿਆ ਹੈ।
ਪੁਸਤਕ ਦਾ ਸਰਵਰਕ ਪਾਕਿਸਤਾਨ ਦੇ ਨਾਮਵਰ ਕਲਾਕਾਰ ਆਸਿਫ ਰਜਾ ਜੀ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ। ਪੁਸਤਕ ਆਪ ਦੀ ਕਚਹਿਰੀ ਚ ਜਲਦੀ ਹੀ ਪੇਸ਼ ਕਰ ਦਿੱਤੀ ਜਾਵੇਗੀ, ਫ਼ਿਲਹਾਲ ਸਰਵਰਕ ਹਾਜ਼ਰ ਹੈ । ਪੂਰੀ ਆਸ ਹੈ ਕਿ ਮੇਰੀ ਇਸ ਪੁਸਤਕ ਨੂੰ ਵੀ ਪਹਿਲੀਆਂ ਪੁਸਤਕਾਂ ਵਾਂਗ ਹੀ ਹੁੰਗਾਰਾ ਭਰੋਗੇ ।
ਬਹੁਤ ਹੀ ਸੁਨੇਹ ਨਾਲ
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
15/05/2021