ਨਵੀਂ ਦਿੱਲੀ (ਸਮਾਜ ਵੀਕਲੀ) : ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਨਵਾਂ ਸਾਲ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਆ ਕੇ ਮਨਾਉਣ। ਮੋਰਚੇ ਮੁਤਾਬਕ ਦੇਸ਼ ਦੇ ਕਿਸਾਨ ਮਜ਼ਦੂਰ ਕੜਾਕੇ ਦੀ ਠੰਢ ਵਿੱਚ ਆਪਣੇ ਘਰਾਂ ਤੋਂ ਦੂਰ ਸੜਕਾਂ ’ਤੇ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਠਹਿਰੇ ਹੋਏ ਹਨ ਤੇ ਜੇ ਦੇਸ਼ ਦੇ ਲੋਕ ਕਿਸਾਨਾਂ ਨਾਲ ਨਵਾਂ ਸਾਲ ਮਨਾਉਣ ਲਈ ਆਉਣ ਤੇ ਇਹ ਦੇਸ਼ ਦੀ ਭਾਈਚਾਰਕ ਤੇ ਕੌਮੀ ਏਕਤਾ ਦਾ ਪ੍ਰਤੀਕ ਹੋਵੇਗਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਰਾ ਅੰਦੋਲਨ ਸ਼ਾਂਤਮਈ ਰਿਹਾ ਹੈ ਤੇ ਹੁੜਦੰਗ ਮਚਾਉਣ ਵਾਲਿਆਂ ਤੋਂ ਸਾਵਧਾਨ ਰਹਿਣਾ ਹੈ ਤੇ ਇਸ ਅੰਦੋਲਨ ਦੀ ਇਹੀ ਪ੍ਰਾਪਤੀ ਹੈ। ਸ਼ਾਂਤੀ ਨਾਲ ਨਵੇਂ ਸਾਲ ’ਚ ਪੈਰ ਰੱਖਣੇ ਹਨ। ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਚਾਰ ਦਿਨ ਬਾਅਦ ਜਿੱਤ ਵੱਲ ਵਧਣਾ ਹੈ ਕਿਉਂਕਿ ਮੋਦੀ ਸਰਕਾਰ ਨੂੰ ਟੱਕਰ ਜੋ ਕਿਸਾਨਾਂ ਨੇ ਦਿੱਤੀ ਹੈ ਉਸ ਦੇ ਪੁਰਖੇ ਵੀ ਯਾਦ ਰੱਖਾਂਗੇ।
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਦਿੱਲੀ ਤੇ ਹਰਿਆਣਾ ਸਮੇਤ ਹੋਰ ਥਾਵਾਂ ਤੋਂ ਲੋਕ ਦਿੱਲੀ ਦੇ ਚਾਰ ਮੁੱਖ ਮਾਰਗਾਂ ਦਿੱਲੀ-ਅੰਬਾਲਾ, ਦਿੱਲੀ-ਬਹਾਦਰਗੜ੍ਹ, ਦਿੱਲੀ-ਗਾਜ਼ੀਆਬਾਦ ਤੇ ਦਿੱਲੀ-ਆਗਰਾ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਮਿਲਣ, ਗੱਲਬਾਤ ਕਰਨ ਤੇ ਕਿਸਾਨਾਂ ਵੱਲੋਂ ਤਿਆਰ ਲੰਗਰ ਛੱਕਣ। ਉਨ੍ਹਾਂ ਦੱਸਿਆ ਕਿ ਦਿੱਲੀ ਮੋਰਚਾ ਅੱਜ 36ਵੇਂ ਦਿਨ ਵੀ ਜਾਰੀ ਰਿਹਾ ਤੇ ਹੁਣ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਦ੍ਰਿੜ੍ਹ ਹਨ। ਉਨ੍ਹਾਂ ਪਟਨਾ ਤੇ ਰਾਜਸਥਾਨ ’ਚ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਅੱਤਿਆਚਾਰ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਤੇ ਕਿਹਾ ਕਿ ਕਿਸਾਨ ਝੁਕਣ ਵਾਲੇ ਨਹੀਂ ਤੇ ਸ਼ਾਂਤੀਪੂਰਨ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਕਿਹਾ, ‘ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ ਪੂਰਨ ਢੰਗ ਨਾਲ ਅੰਬਾਨੀ ਸਮੂਹ ਦੇ ਨਾਲ ਨਾਲ ਅਡਾਨੀ ਗਰੁੱਪ ਦੇ ਉਤਪਾਦਾਂ ਦਾ ਵੀ ਬਾਈਕਾਟ ਕਰਨ।’ ਉਨ੍ਹਾਂ ਕਿਹਾ, ‘ਅਸੀਂ ਸਾਰੇ ਦੇਸ਼ ਦੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਲੜਾਈ-ਪੜ੍ਹਾਈ ਜਾਰੀ ਰੱਖ ਕੇ, ਦੇਸ਼ ਤੇ ਵਿਸ਼ਵ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦ ਕੀਤਾ ਜਾਵੇ ਅਤੇ ਇਸ ਅੰਦੋਲਨ ਵਿੱਚ ਸਾਰਿਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ।’
ਜਗਮੋਹਨ ਸਿੰਘ ਨੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਖ਼ਾਲਸਾ ਏਡ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਹਰਿਆਣਾ ’ਚ ਕਈ ਸ਼ਹਿਰਾਂ ਨੇ ਸੰਗਤ ਦੇ ਲੰਗਰ ਲਈ ਰਾਸ਼ਨ ਭੇਟ ਕੀਤਾ ਹੈ। ਸ਼ਾਹਜਹਾਂਪੁਰ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਸਿੰਘੂ ਬਾਰਡਰ ਦੇ ਧਰਨੇ ’ਚ ਅੱਜ ਲੇਖਕ, ਬੁੱਧੀਜੀਵੀ, ਪੱਤਰਕਾਰ, ਕਵੀ ਤੇ ਸਾਹਿਤਕਾਰ ਵੀ ਸ਼ਾਮਲ ਹੋਏ। 26 ਨਵੰਬਰ ਤੋਂ ਹੁਣ ਤੱਕ ਕਿਸਾਨ ਮੋਰਚੇ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗਿਣਤੀ 50 ਨੂੰ ਪਾਰ ਕਰ ਗਈ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੱਕੇ ਧਰਨੇ ਜਾਰੀ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਬਿਹਾਰ, ਤਾਮਿਲ ਨਾਡੂ, ਹੈਦਰਾਬਾਦ, ਕੇਰਲਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਿੱਚ ਵੀ ਕਿਸਾਨ ਸੰਘਰਸ਼ ਕਰ ਰਹੇ ਹਨ।
ਕਿਸਾਨ ਆਗੂ ਹਰਜੀਤ ਰਵੀ ਨੇ ਕਿਹਾ ਕਿ 30 ਦਸੰਬਰ ਨੂੰ ਦੁਪਹਿਰ 2 ਵਜੇ ਸਰਕਾਰ ਵੱਲੋਂ ਸੱਦੀ ਮੀਟਿੰਗ ’ਚ ਕਿਸਾਨ ਆਗੂ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਰਕਾਰ ਨੇ ਬਿਜਲੀ ਆਰਡੀਨੈਂਸ ਨਾ ਪੇਸ਼ ਕਰਨ ਤੇ ਪ੍ਰਦੂਸ਼ਣ ਆਰਡੀਨੈਂਸ ਤਹਿਤ ਖੇਤੀਬਾੜੀ ਅਤੇ ਕਿਸਾਨਾਂ ਨੂੰ ਬਾਹਰ ਰੱਖਣ ਦਾ ਭਰੋਸਾ ਤਾਂ ਦਿੱਤਾ ਪਰ ਕਿਸਾਨਾਂ ਦੀਆਂ ਮੁੱਖ ਮੰਗਾਂ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਰੱਦ ਕਰਨ ਅਤੇ ਸਾਰੀਆਂ ਫਸਲਾਂ ’ਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਨੂੰ ਕਾਨੂੰਨੀ ਮਾਨਤਾ ਦੇਣ ਦੀਆਂ ਹਨ, ਜੋ ਅਜੇ ਹੱਲ ਨਹੀਂ ਹੋਈਆਂ। ਹਾਲਾਂਕਿ ਸਰਕਾਰ ਵੱਲੋਂ ਦੋ ਆਰਡੀਨੈਂਸਾਂ ਨੂੰ ਵਾਪਸ ਲੈਣਾ ਦੇਸ਼ ਦੀ ਸੰਘੀ ਢਾਂਚੇ ਦੀ ਰਾਖੀ ਤੇ ਨਿੱਜੀਕਰਨ ਨੂੰ ਰੋਕਣ ਲਈ ਸਾਡੀ ਜੰਗ ਦੀ ਵੱਡੀ ਜਿੱਤ ਹੈ।