(ਸਮਾਜ ਵੀਕਲੀ)
ਮਸਾਂ ਬਲਿਆ ਦੀਵਾ ਬਝਾਉਣ ਨੂੰ ਫਿਰਦੇ ਨੇ l
ਹਨੇਰੇ ਦੇ ਗਲ ਹਾਰ ਪਾਉਣ ਨੂੰ ਫਿਰਦੇ ਨੇ।
ਪਹਿਲਾਂ ਖੂਨ ਅਜੇ ਸੁੱਕਾ ਨਹੀਂ ਮਜ਼ਦੂਰਾਂ ਦਾ,
ਹੋਰ ਨਵਾਂ ਤਾਜ ਬਣਾਉਣ ਨੂੰ ਫਿਰਦੇ ਨੇ।
ਪਹਿਲੇ ਜਲੇ ਘਰਾਂ ਦੀ ਉਸਾਰੀ ਦੁਬਾਰਾ ਹੋਈ ਨਹੀਂ,
ਫੇਰ ਨਵੇਂ ਉਹ ਘਰ ਜਲਾਉਣ ਨੂੰ ਫਿਰਦੇ ਨੇ ।
ਜਿਹੜੇ ਮਾਰ ਮੁਕਾਏ ਦੁਬਾਰਾ ਜੰਮ ਲੈਣ ਦਿਉ,
ਉਹ ਨਿਰਦੋਸ਼ ਸੂਲੀ ਚੜਾਉਣ ਨੂੰ ਫਿਰਦੇ ਨੇ ।
ਪਹਿਲਾਂ ਜਿਹੜੀ ਲੱਗੀ ਠੋਕਰ ਕਾਫੀ ਨਹੀਂ?
ਫੇਰ ਦੁਬਾਰਾ ਤੱਕਦੀਰ ਅਜਮਾਓਣ ਨੂੰ ਫਿਰਦੇ ਨੇ।
ਬੜੀ ਮੁਸ਼ਕਲ ਨਾਲ ਭੁੱਲ ਕੇ ਸਭ ਹੱਸਿਆ ਏ,
ਗਰੀਬ ਨੂੰ ਹੱਸਦਾ ਦੇਖ ਰਵਾਉਣ ਨੂੰ ਫਿਰਦੇ ਨੇ।
ਆਪਣੀ ਕੁਰਸੀ ਬਰਕਰਾਰ ਰੱਖਣ ਲਈ,
ਜੰਗ ਲੱਗੀ ਤੋਪ ਚਲਾਉਣ ਨੂੰ ਫਿਰਦੇ ਨੇ।
ਸਿਆਸੀ ਹਵਾ ਬਰਖਿਲਾਫ ਹੁੰਦੀ ਦੇਖ ਕੇ,
ਸ਼ਹਿਰ ‘ਚ ਫਿਰ ਦੰਗਾ ਕਰਵਾਉਣ ਨੂੰ ਫਿਰਦੇ ਨੇ।
ਮਜ਼ਦੂਰ ਦੇ ਘਰ ਵਿੱਚ ਧੁਖਦਾ ਚੁੱਲਾ ਦੇਖ ਕੇ,
ਬਲਦੀ ਅੱਗ ਤੇ ਪਾਣੀ ਪਾਉਣ ਨੂੰ ਫਿਰਦੇ ਨੇ।
ਆਸਮਾਨ ਵੱਲ ਜਾਂਦੀ ਨੂੰ ਦੇਖ ਸਕਦੇ ਨਹੀਂ।
ਪਰਗਟ ਦੀ ਗੁੱਡੀ ਕੁਝ ਥੱਲੇ ਲਾਹੁਣ ਨੂੰ ਫਿਰਦੇ ਨੇ।
ਪਰਗਟ ਪ੍ਰੀਤ
ਬਾਊਪੁਰ ਅਫਗਾਨਾਂ (ਗੁਰਦਾਸਪੁਰ )
00971-525989242
0091-7347340848
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly