ਨਵਜੋਤ ਸਿੱਧੂ ਵੱਲੋਂ ਪਿ੍ਰਯੰਕਾ ਗਾਂਧੀ ਨਾਲ ਮੁਲਾਕਾਤ

ਚੰਡੀਗੜ੍ਹ (ਸਮਾਜ ਵੀਕਲੀ) : ਕਾਂਗਰਸ ਵਿਧਾਇਕ ਅਤੇ ਸੀਨੀਅਰ ਆਗੂ ਨਵਜੋਤ ਸਿੱਧੂ ਦੀ ਪੰਜਾਬ ਵਜ਼ਾਰਤ ’ਚ ਵਾਪਸੀ ਦਾ ਮਾਮਲਾ ਕਾਂਗਰਸ ਹਾਈ ਕਮਾਂਡ ਕੋਲ ਪੁੱਜ ਗਿਆ ਹੈ। ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪਿ੍ਰਯੰਕਾ ਨਾਲ ਅੱਜ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਜਨਰਲ ਸਕੱਤਰ ਸ੍ਰੀ ਵੇਣੂਗੋਪਾਲ ਅਤੇ ਨਵਜੋਤ ਸਿੰਘ ਸਿੱਧੂ ਨੇ ਮੁਲਾਕਾਤ ਕੀਤੀ। ਕਰੀਬ ਡੇਢ ਘੰਟੇ ਤੱਕ ਨਵਜੋਤ ਸਿੱਧੂ ਦੀ ਸਿਆਸੀ ਅਡਜਸਮੈਂਟ ਦਾ ਮਾਮਲਾ ਇਸ ਮੀਟਿੰਗ ਵਿਚ ਵਿਚਾਰਿਆ ਗਿਆ। ਅਧਿਕਾਰਤ ਤੌਰ ’ਤੇ ਵੇਰਵੇ ਹਾਸਲ ਨਹੀਂ ਹੋਏ ਹਨ ਪ੍ਰੰਤੂ ਅਹਿਮ ਸੂਤਰ ਦੱਸਦੇ ਹਨ ਕਿ ਮੁੱਖ ਤੌਰ ’ਤੇ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੀ ਸਿਆਸੀ ਅਡਜਸਮੈਂਟ ਨੂੰ ਲੈ ਕੇ ਪੂਰੀ ਮੀਟਿੰਗ ਵਿਚ ਚਰਚਾ ਕੀਤੀ ਹੈ। ਬਾਹਰੀ ਤੌਰ ’ਤੇ ਆਖਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਕਿਸਾਨ ਅੰਦੋਲਨ ਬਾਰੇ ਗੱਲਬਾਤ ਹੋਈ ਹੈ ਪ੍ਰੰਤੂ ਸੂਤਰ ਆਖਦੇ ਹਨ ਕਿ ਨਵਜੋਤ ਸਿੱਧੂ ਇਸ ਗੱਲੋਂ ਖਫ਼ਾ ਹਨ ਕਿ ਮਾਮਲੇ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਨਗਰ ਕੌਂਸਲ ਚੋਣਾਂ ਮਗਰੋਂ ਨਵਜੋਤ ਸਿੱਧੂ ਦੀ ਵਜ਼ਾਰਤ ਵਿਚ ਵਾਪਸੀ ਹੋ ਸਕਦੀ ਹੈ।

ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸਿਰਫ ਏਨਾ ਹੀ ਆਖਦੇ ਹਨ ਕਿ ਪੰਜਾਬ ਦਾ ਛੇਤੀ ਦੌਰਾ ਕੀਤਾ ਜਾਵੇਗਾ ਅਤੇ ਉਸ ਦੌਰਾਨ ਸਮੀਖਿਆ ਕੀਤੀ ਜਾਵੇਗੀ ਕਿ ਨਵਜੋਤ ਸਿੱਧੂ ਨੂੰ ਕਿਥੇ ਅਡਜਸਟ ਕਰਨਾ ਹੈ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਜੁਲਾਈ 2019 ਵਿਚ ਵਜ਼ਾਰਤ ’ਚੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਬੰਧ ਵੀ ਸੁਖਾਵੇਂ ਨਹੀਂ ਰਹੇ ਸਨ। ਕਾਂਗਰਸ ਦੀ ਟਰੈਕਟਰ ਰੈਲੀ ’ਚ ਬੱਧਨੀ ਕਲਾਂ ਦੀ ਸਟੇਜ ਤੋਂ ਬੋਲੇ ਤਿੱਖੇ ਸ਼ਬਦਾਂ ਮਗਰੋਂ ਸਬੰਧਾਂ ’ਚ ਹੋਰ ਖਟਾਸ ਆ ਗਈ ਸੀ।

ਜਦੋਂ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦੇ ਮਾਮਲਿਆ ਦਾ ਇੰਚਾਰਜ ਲਾਇਆ ਗਿਆ ਤਾਂ ਉਨ੍ਹਾਂ ਨਵਜੋਤ ਸਿੱਧੂ ਨੂੰ ਪਹਿਲਾਂ ਟਰੈਕਟਰ ਰੈਲੀ ਲਈ ਰਜ਼ਾਮੰਦ ਕੀਤਾ ਸੀ ਅਤੇ ਮਗਰੋਂ ਅਮਰਿੰਦਰ ਸਿੰਘ ਨਾਲ ਵੀ ਸਬੰਧ ਸੁਖਾਵੇਂ ਬਣਾ ਦਿੱਤੇ ਸਨ। ਨਵਜੋਤ ਸਿੱਧੂ ਨੇ 4 ਨਵੰਬਰ ਨੂੰ ਅਮਰਿੰਦਰ ਸਿੰਘ ਨਾਲ ਦਿੱਲੀ ਵਿਚ ਜੰਤਰ ਮੰਤਰ ਵਿਖੇ ਕਿਸਾਨਾਂ ਦੇ ਹੱਕ ਵਿਚ ਧਰਨਾ ਦਿੱਤਾ ਸੀ ਅਤੇ 25 ਨਵੰਬਰ ਨੂੰ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੂੰ ਲੰਚ ’ਤੇ ਬੁਲਾਇਆ ਸੀ।

ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਨੂੰ ਪੁਰਾਣੇ ਸਥਾਨਕ ਸਰਕਾਰਾਂ ਵਿਭਾਗ ਦੇ ਬਦਲੇ ਵਿਚ ਹੁਣ ਦੋ ਮਹਿਕਮੇ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪ੍ਰੰਤੂ ਨਵਜੋਤ ਸਿੱਧੂ ਕਿਸੇ ਵੱਡੇ ਅਹੁਦੇ ਲਈ ਆਖ ਰਹੇ ਹਨ। ਕਿਸਾਨ ਅੰਦੋਲਨ ਕਰਕੇ ਹੁਣ ਵਜ਼ਾਰਤ ਵਿਚ ਵਾਪਸੀ ਦਾ ਮਾਮਲਾ ਲਟਕਿਆ ਹੋਇਆ ਸੀ। ਕਾਂਗਰਸ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਸਮਾਂ ਵੀ ਨੇੜੇ ਆ ਰਿਹਾ ਹੈ ਜਿਸ ਕਰਕੇ ਹੁਣ ਨਵਜੋਤ ਸਿੱਧੂ ਨੇ ਆਪਣੀ ਸਰਗਰਮੀ ਵਧਾਈ ਹੈ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕਿਸਾਨ ਅੰਦੋਲਨ ’ਚ ਸਰਗਰਮ ਰਹੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕਰ ਰਹੇ ਹਨ।

Previous articleਕੇਂਦਰ ਵੱਲੋਂ ‘ਟਵਿੱਟਰ’ ਨੂੰ 1178 ਅਕਾਊਂਟ ਬੰਦ ਕਰਨ ਲਈ ਨੋਟਿਸ
Next articleK’taka passes anti-Cow slaughter Bill in Upper House amid uproar