ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ’ਚ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਨਗੇ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਉਨ੍ਹਾਂ ਹਾਲੇ ਤੱਕ ਸ੍ਰੀ ਸਿੱਧੂ ਨਾਲ ਇਸ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ। ਉਹ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਮਾਨ ਨੇ ਪੰਜਾਬ ਹਿਤੈਸ਼ੀਆਂ ਨੂੰ ਇੱਕਜੁਟ ਹੋ ਕੇ ਪੰਜਾਬ ਨੂੰ ਮੁੜ ‘ਨੰਬਰ-1 ਸੂਬਾ’ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਪੰਜਾਬ ਨੂੰ ਨੋਚ ਲਿਆ ਹੈ, ਜਿਸ ਕਾਰਨ ਪੰਜਾਬ ਢਾਈ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਈ ਹੋ ਚੁੱਕਾ ਹੈ ਅਤੇ ਹਰ ਜੰਮਦੇ ਬੱਚੇ ਸਿਰ 70 ਹਜ਼ਾਰ ਰੁਪਏ ਤੋਂ ਵੱਧ ਦਾ ਕਰਜ਼ ਹੈ।
ਉਨ੍ਹਾਂ ਭਾਜਪਾ ਦੇ ਯੂਥ ਆਗੂ ਗੁਰਤੇਜ ਪੰਨੂ, ਹਨੀ ਬਾਜਵਾ, ਤੀਰਥ ਚਾਹਲ, ਰਵੀ ਪਠਾਨਕੋਟ, ਅਨੁਮੀਤ ਚੱਠਾ, ਬਨੀ ਸਿੱਧੂ, ਧੀਰਜ ਗੁਪਤਾ ਨੂੰ ਸੈਂਕੜੇ ਸਾਥੀਆਂ ਸਮੇਤ ਪਾਰਟੀ ’ਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੀਆਂ ਭ੍ਰਿਸ਼ਟ ਅਤੇ ਮਾਫੀਆ ਸਰਕਾਰਾਂ ਨੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਲ ਦਿੱਤਾ ਹੈ ਤੇ ਉਹ ਸੜਕਾਂ ’ਤੇ ਮੁਜ਼ਾਹਰੇ ਕਰ ਰਹੇ ਹਨ। ਰਵਾਇਤੀ ਪਾਰਟੀਆਂ ਨੌਜਵਾਨਾਂ ਨੂੰ ਹੱਕ ਦੇਣ ਦੀ ਬਜਾਏ ਉਨ੍ਹਾਂ ਦੀ ਕੁੱਟਮਾਰ ਕਰ ਰਹੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਬਜਟ ਨੂੰ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਖ਼ਾਲੀ ਖ਼ਜ਼ਾਨੇ ’ਚੋਂ ਇੱਕ ਵਾਰ ਫਿਰ ਖੋਖਲਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਚੌਥੀ ਵਾਰ ਖੋਖਲਾ ਬਜਟ ਪੇਸ਼ ਕਰਕੇ ਸੂਬੇ ਦੇ ਹਰੇਕ ਵਰਗ ਨੂੰ ਘੋਰ ਨਿਰਾਸ਼ਾ ’ਚ ਸੁੱਟ ਦਿੱਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਸੁਧਰਨ ਦੀ ਥਾਂ ਨਿੱਘਰਦੇ ਜਾ ਰਹੀ ਹੈ ਅਤੇ ਪੰਜਾਬ 22,8906 ਕਰੋੜ ਰੁਪਏ ਦਾ ਕਰਜ਼ਾਈ ਹੋ ਚੁੱਕਾ ਹੈ, ਜੋ ਨਵੇਂ ਵਿੱਤੀ ਵਰ੍ਹੇ 2020-21 ਦੇ ਅੰਤ ਤੱਕ 248236 ਕਰੋੜ ਨੂੰ ਪਾਰ ਕਾਰ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਦਾ ਬਜਟ ਘੱਟ ਸੀ, ਉਰਦੂ ਸ਼ਾਇਰੀ ਵੱਧ ਸੀ।
ਮਾਨ ਨੇ ਕਿਹਾ ਕਿ ਗੁਰਤੇਜ ਪੰਨੂ ਬੀਜੇਪੀ ਦੇ ਆਗੂ ਅਨੁਰਾਗ ਠਾਕੁਰ ਦੀ ਟੀਮ ਵਿਚ ਕੰਮ ਕਰ ਰਹੇ ਸਨ ਪਰ ਉਹ ‘ਆਪ’ ਵੱਲੋਂ ਦਿੱਲੀ ’ਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਪਾਰਟੀ ਵਿਚ ਸ਼ਾਮਲ ਹੋਏ ਹਨ। ਪੰਨੂ ਨੇ ਨੌਜਵਾਨਾਂ ਨੂੰ ਮਾਨ ਦੀ ਸੋਚ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਲਈ ਮਿਹਨਤ ਕਰਨ ਦੀ ਅਪੀਲ ਕੀਤੀ ਹੈ। ਪੰਨੂ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਹਲਕੇ ਵਿਚ ਨੌਜਵਾਨਾਂ ਨੂੰ ਨਾਲ ਲੈ ਕੇ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਦੀ ਮੁਹਿੰਮ ਸ਼ੁਰੂ ਕਰਨਗੇ। ਇਸ ਮੌਕੇ ‘ਆਪ’ ਦੇ ਕੋਰ ਕਮੇਟੀ ਮੈਂਬਰ ਅਤੇ ਸੂਬਾ ਖਜ਼ਾਨਚੀ ਸੁਖਵਿੰਦਰ ਸੁੱਖੀ ਅਤੇ ਬੁਲਾਰਾ ਸਤਵੀਰ ਵਾਲੀਆ ਸਮੇਤ ਹੋਰ ਆਗੂ ਹਾਜ਼ਰ ਸਨ।
INDIA ਨਵਜੋਤ ਸਿੱਧੂ ਦਾ ‘ਆਪ’ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਾਂਗਾ: ਮਾਨ