ਨਵੀਂ ਦਿੱਲੀ, (ਸਮਾਜ ਵੀਕਲੀ) : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਉਹ ਦਿੱਲੀ ਦੀਆਂ ਹੱਦਾਂ ’ਤੇ ਅੰਦੋਲਨ ਸਮਾਪਤ ਕਰ ਦੇਣ। ਸ੍ਰੀ ਤੋਮਰ ਨੇ ਕਿਹਾ ਕਿ ਕਿਸਾਨ ਕਈ ਮਹੀਨਿਆਂ ਤੋਂ ਕੇਂਦਰੀ ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਹੁਣ ਵੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਉਹ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਸਪਸ਼ਟ ਪ੍ਰਸਤਾਵ ਲੈ ਕੇ ਆਉਣ।
ਤੋਮਰ ਨੇ ਚਿੰਤਾ ਪ੍ਰਗਟਾਈ ਕਿ ਭਾਰਤ ਵਿਚ ਅੱਜ ਡੇਢ ਲੱਖ ਦੇ ਕਰੀਬ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ, ਇਸ ਕਰ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਵੀ ਕਰੋਨਾ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਿੰਦਗੀਆਂ ਬਹੁਤ ਅਹਿਮ ਹਨ, ਇਸ ਕਰ ਕੇ ਕਿਸਾਨ ਅੰਦੋਲਨ ਸਮਾਪਤ ਕਰ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਆਮ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।