ਨਨਕਾਣਾ ਸਾਹਿਬ ਵਿਖੇ ਸਿੱਖ ਜਗਤ ਦੇ ਮਹਾਨ ਵਿਦਵਾਨ
ਸੰਤ ਗਿਆਨੀ ਮੋਹਣ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਸੁਖਮਨੀ ਸਾਹਿਬ ਦਾ ਪਾਠ ਅਤੇ ਅਰਦਾਸ
ਨਨਕਾਣਾ ਸਾਹਿਬ (ਸਮਾਜ ਵੀਕਲੀ) – ਪਾਕਿਸਤਾਨ ਦੀ ਧਰਤੀ ਦੇ ਜਿਲ੍ਹਾ ਸਰਗੋਧਾ ਦੇ ਪਿੰਡ ਚੱਕ ਨੰਬਰ ੧੩੦ ਸਾਊਥ ਬਰਾਂਚ ਵਿਖੇ ੧੩ ਚੇਤ ੧੯੭੬ ਬਿਕ੍ਰਮੀ ਸੰਮਤ (੨੬ ਮਾਰਚ ੧੯੧੯) ਨੂੰ ਪਿਤਾ ਹਰੀ ਸਿੰਘ, ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਪੈਦਾ ਹੋਏ ਮਹਾਨ ਵਿਦਵਾਨ ਵਿੱਦਿਆ ਮਾਰਤੰਡ, ਤਪੱਸਵੀ, ਤਿਆਗੀ, ਬੈਰਾਗੀ, ਬਿਬੇਕੀ,ਨਾਮ ਅਭਿਲਾਸ਼ੀ ਸ੍ਰੀ ਮਾਨ ਗਿਆਨੀ ਮੋਹਣ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੋ ਕਿ ੨ ਦਸੰਬਰ ੨੦੨੦ ਨੂੰ ੧੦੧ ਸਾਲ ਅੱਠ ਮਹੀਨੇ ਦੀ ਉਮਰ ਭੋਗ ਕੇ ਸੱਚਖੰਡ ਪਿਆਨਾ ਕਰ ਗਏ ਸਨ। ਉਨ੍ਹਾਂ ਦੇ ਦੁਸਹਿਰਾ ਮੌਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਵਿਸ਼ੇਸ਼ ਦਿਵਾਨ ਸਜਾਏ ਗਏ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਕੀਤੀ ਗਈ।
ਇਸ ਮੌਕੇ ‘ਤੇ ਗਿਆਨੀ ਜਨਮ ਸਿੰਘ ਜੀ ਨੇ ਸੁਖਮਨੀ ਸਾਹਿਬ ਦੀ ਸੇਵਾ ਨਿਭਾਈ ਅਤੇ ਭਾਈ ਕਾਕਾ ਸਿੰਘ ਜੀ ਨੇ ਅਰਦਾਸ ਕੀਤੀ। ਗਿਆਨੀ ਜਨਮ ਸਿੰਘ ਜੀ ਨੇ ਸੰਤਾਂ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਜਿੱਥੇ ਅੱਜ ਦਾ ਸਿੱਖ ਨੌਜਵਾਨ ਨਿਤਨੇਮ ਕਰਨ ਨੂੰ ਬੋਝ ਸਮਝਣ ਲੱਗ ਪਿਆ ਹੈ ਉੱਥੇ ਸ੍ਰੀ ਮਾਨ ਗਿਆਨੀ ਮੋਹਣ ਸਿੰਘ ਖ਼ਾਲਸਾ ਜੀ ਨੇ ਗਿਆਰਾ ਮਹੀਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਰਹਿ ਕੇ ਨਾਮ ਅਭਿਆਸ ਕੀਤਾ ਅਤੇ ਸਵਾ ਲੱਖ ਪਾਠ ਸ੍ਰੀ ਜਪੁਜੀ ਸਾਹਿਬ ਦੇ ਕੀਤੇ। ਸੰਤ ਜੀ ਨੇ ਜਿੱਥੇ ਕਈ ਸਾਲ ਗੁਰਬਾਣੀ, ਧਾਰਮਿਕ ਗ੍ਰੰਥਾਂ, ਵੇਦ ਸ਼ਾਸਤਰਾਂ ਦਾ ਅਧਿਐਨ ਕੀਤਾ, ਉਥੇ ਹੀ ਆਪ ਜੀ ਨੇ ਗੱਤਕਾ, ਤਲਵਾਰਬਾਜ਼ੀ ਦੀ ਸਿਖਲਾਈ ਵੀ ਲਿੱਤੀ ਹੋਈ ਸੀ।
ਸਾਨੂੰ ਪਾਕਿਸਤਾਨ ਦੀਆਂ ਸੰਗਤਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਐਸੇ ਮਹਾਪੁਰਸ਼ ਦਾ ਜਨਮ ਸਾਡੇ ਪਾਕਿਸਤਾਨ ਦੀ ਧਰਤੀ ਤੇ ਹੋਇਆ ਅਤੇ ਆਪ ਜੀ ਨੇ ਆਪਣੀ ਮੁੱਢਲੀ ਪ੍ਰਾਇਮਰੀ ਵਿੱਦਿਆ ਪਿੰਡ ਦੇ ਸਕੂਲ ਤੋਂ ਅਤੇ ਅੱਠਵੀ ਤੱਕ ਦੀ ਸਿੱਖਿਆਂ ਸਰਗੋਧੇ ਤੋਂ ਹਾਸਲ ਕੀਤੀ। ਆਪ ਜੀ ੧੯੩੮ ‘ਚ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੱਥੇ ‘ਚ ਸ਼ਾਮਲ ਹੋ ਗਏ। ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਦੇ ਸੱਚਖੰਡ ਬਿਰਾਜਣ ‘ਤੇ ੮ ਜੁਲਾਈ ੧੯੬੯ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾ ਦੀ ਸੇਵਾ ਸੰਭਾਲੀ। ਆਪ ਜੀ ਨੇ ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਥਾ ਕੀਤੀਆਂ। ੧੯੬੯ ਤੋਂ ੧੯੮੪ ਤੱਕ ਭਾਰਤ ਦੇਸ਼ ਦੇ ਕੋਨੇ-ਕੋਨੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ੧੯੮੪ ਤੋਂ ਆਖ਼ਰੀ ਸਾਹਾਂ ਤੱਕ ਭਿੰਡਰਾਂ ਗੁਰਦੁਆਰਾ ਸਾਹਿਬ ਹੀ ਗੁਰਬਾਣੀ ਦਾ ਨਿਰਬਾਹ ਕਰਦੇ ਰਹੇ। ਆਪ ਜੀ ਸੰਗਤ ਵਿੱਚ ਜੋ ਵੀ ਆਇਆ, ਉਹ ਵੀ ਨਾਮ ਦੇ ਰਂੰਗ ‘ਚ ਰੰਗਿਆ ਗਿਆ।
ਉਨ੍ਹਾਂ ਕਿਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਮਾਨ ਸੰਤ ਗਿਆਨੀ ਮੋਹਣ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨਮਿਤ ਪਾਠ ਅਤੇ ਅਰਦਾਸ ਹੋਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਆਪ ਜੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨੇ ਪਿਆਰੇ ਲੱਗਦੇ ਹੋਣਗੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪ ਤੁੱਠ ਕੇ, ਪ੍ਰੇਰਨਾ ਦੇ ਕੇ ਉਨ੍ਹਾਂ ਨਮਿਤ ਪਾਠ ਅਤੇ ਅਰਦਾਸ ਆਪਣੇ ਜਨਮ ਅਸਥਾਨ, ਸ੍ਰੀ ਨਨਕਾਣਾ ਸਾਹਿਬ ਵਿਖੇ ਆਪ ਨਨਕਾਣਾ ਸਾਹਿਬ ਦੀਆਂ ਸੰਗਤਾਂ ਪਾਸੋਂ ਕਰਵਾਈ ਹੈ।
ਗ੍ਰੰਥੀ ਭਾਈ ਪ੍ਰੇਮ ਸਿੰਘ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਸਾਨੂੰ ਸਭ ਨੂੰ ਵੀ ਇਹੀ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਸਭ ਦੇ ਘਰਾਂ ਵਿੱਚ ਇਹੋ ਜਿਹੀਆਂ ਨਾਮ ਰਤੀਆਂ ਰੂਹਾਂ ਨੂੰ ਭੇਜੇ ਜੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਸਕਣ।