ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਧੁਦਿਆਲ ’ਚ 21 ਨੂੰ

ਸਮੂਹ ਸੰਗਤ ਵਲੋਂ ਨਗਰ ਕੀਰਤਨ ਸਜੇਗਾ 20 ਨੂੰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਹੀਦ ਬਾਬਾ ਸੁੰਦਰ ਸਿੰਘ ਜੀ ਜਥੇਦਾਰ ਅਤੇ ਸਮੂਹ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਪਿੰਡ ਧੁਦਿਆਲ ਵਿਖੇ ਸਮੂਹ ਸੰਗਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸ਼ਹੀਦੀ ਸਮਾਗਮ 21 ਫਰਵਰੀ ਨੂੰ ਸ਼ਰਧਾ ਭਾਵਨਾ ਸਾਹਿਤ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਫਰਵਰੀ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਸਵੇਰੇ ਆਰੰਭ ਹੋਣਗੇ। ਜ਼ਿੰਨ੍ਹਾਂ ਦੇ ਭੋਗ 21 ਫਰਵਰੀ ਨੂੰ ਪਾਏ ਜਾਣ ਉਪਰੰਤ ਵਿਸ਼ਾਲ ਦੀਵਾਨ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸਜਣਗੇ।

ਇਸ ਸੰਦਰਵ ਵਿਚ ਹੀ 20 ਫਰਵਰੀ ਨੂੰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਪਹਿਲੀ ਵਾਰ ਪਿੰਡ ਦੀਆਂ ਸੰਗਤਾਂ ਵਲੋਂ ਪਿੰਡ ਪੱਧਰ ਤੇ ਸਜਾਇਆ ਜਾਵੇਗਾ। ਤਿੰਨੋਂ ਦਿਨ ਗੁਰੂ ਦੇ ਲੰਗਰ ਸ਼ਹੀਦ ਭਾਈ ਸੁੰਦਰ ਸਿੰਘ ਜਥੇਦਾਰ ਜੀ ਦੇ ਪਰਿਵਾਰ ਵਲੋਂ ਅਤੁੱਟ ਵਰਤਾਏ ਜਾਣਗੇ। ਸੰਗਤ ਵਲੋਂ ਬਾਬਾ ਸੁੰਦਰ ਸਿੰਘ ਜੀ ਦੀ ਪਵਿੱਤਰ ਸਮਾਧ ਤੇ ਚਾਹ ਮਠਿਆਈਆਂ, ਪਕੌੜਿਆਂ ਅਤੇ ਛੋਲੇ ਪੂੁਰੀਆਂ ਦਾ ਲੰਗਰ 2 ਦਿਨ ਲਗਾਇਆ ਗਿਆ। 21 ਫਰਵਰੀ ਨੂੰ ਸਜਾਏ ਜਾਣ ਵਾਲੇ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਅਮਨਦੀਪ ਸਿੰਘ ਮਾਤਾ ਕੌਲਾ ਅੰਮ੍ਰਿਤਸਰ ਵਾਲੇ, ਇੰਟਰਨੈਸ਼ਨਲ ਢਾਡੀ ਜਥਾ ਭਾਈ ਸੁਰਜੀਤ ਸਿੰਘ ਵਾਰਸ, ਅਤੇ ਕਵੀਸ਼ਰੀ ਜਥਾ ਬੀਬੀ ਸੁਪਿੰਦਰ ਕੌਰ, ਬੀਬੀ ਕਰਮਨਜੋਤ ਕੌਰ ਅਤੇ ਸੁਖਮੀਤ ਕੌਰ ਸੰਗਤ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸਟੇਜ ਦੀ ਸੇਵਾ ਪ੍ਰਚਾਰਕ ਭਾਈ ਸਰਵਣ ਸਿੰਘ ਜੀ ਨਿਭਾਉਣਗੇ।

ਜਿੰਨ੍ਹਾਂ ਨੇ ਸਿੰਘਾਂ ਸ਼ਹੀਦਾਂ ਦੀ ਗੱਲ ਕਰਦਿਆਂ ਦੱਸਿਆ ਕਿ ਜਥੇਦਾਰ ਬਾਬਾ ਸੁੰਦਰ ਸਿੰਘ ਜੀ ਆਪਣੇ ਇਲਾਕੇ ਦੇ 13 ਸਿੰਘਾਂ ਨੂੰ ਨਾਲ ਲੈ ਕੇ ਆਪਣੇ ਜਥੇਦਾਰੀ ਵਿਚ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਮਹੰਤ ਨਰਾਇਣ ਦਾਸ ਦੇ ਕਬਜੇ ਤੋਂ ਅਜ਼ਾਦ ਕਰਵਾਉਣ ਲਈ ਸਮੁੱਚੇ ਸ਼ਹੀਦੀ ਜਥੇ ਨੇ ਜਥੇਦਾਰ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਆਪਣਾ ਘਰ ਬਾਰ, ਰਿਸ਼ਤੇ ਨਾਤੇ ਅਤੇ ਸਭ ਕੁਝ ਮੋਹ ਤਿਆਗ ਕੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ਼ਾਤਮਈ ਰਹਿ ਕੇ ਮਹੰਤ ਨਰੇਣੂ ਦੇ ਗੂੰਡਿਆਂ ਦੀਆਂ ਸ਼ਵੀਆਂ ਕਿਰਪਾਨਾਂ ਅੱਗੇ ਛਾਤੀ ਡਾਹ ਕੇ ਅਮਰ ਸ਼ਹੀਦੀਆਂ ਪਾਈਆਂ। ਆਖਿਰ ਅੰਗਰੇਜੀ ਹਕੂਮਤ ਨੂੰ ਵੀ ਸਿੰਘਾਂ ਦੀਆਂ ਕੁਰਬਾਨੀਆਂ ਮੋਹਰੇ ਝੁਕਣਾ ਪਿਆ ਤੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਵੀ ਸਿੰਘਾਂ ਨੂੰ ਸੋਂਪਣੀਆਂ ਪਈਆਂ। ਇੰਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ।

Previous articleਪ੍ਰੋ ਪੂਰਨ ਸਿੰਘ ਸਾਹਿਤ ਉਤਸਵ ਦੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸ਼ੁਰੂਆਤ
Next articleਯੂਨੀਵਰਸਿਟੀ ਵਿਖੇ ਸ. ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ